ਬਿਲਗਾ/ਨੂਰਮਹਿਲ 27 ਦਿਸੰਬਰ (ਵਿਨੋਦ ਬੱਤਰਾ/ਪਾਰਸ
ਨਈਅਰ)

ਬੀਤੇ ਦਿਨੀਂ ਬਿਲਗੇ ਤੋਂ ਸੀਨੀਅਰ ਪੱਤਰਕਾਰ ਮਾਸਟਰ ਸ਼ਸ਼ੀ ਕੁਮਾਰ (68) ਬਿਲਗਾ ਜੀ ਦਾ ਦਿਹਾਂਤ ਹੋ ਗਿਆ ਸੀ। ਮਾਸਟਰ ਸ਼ਸ਼ੀ ਕੁਮਾਰ ਜੀ ਜਰਨਲਿਸਟ ਪ੍ਰੈਸ ਕਲੱਬ ਪੰਜਾਬ ਦੇ ਯੂਨਿਟ ਬਿਲਗਾ ਨੂਰਮਹਿਲ ਵਿੱਚ ਪ੍ਰਧਾਨਗੀ ਦੀ ਸੇਵਾ ਨਿਭਾ ਰਹੇ ਸਨ।
ਮਾਸਟਰ ਸ਼ਸ਼ੀ ਕੁਮਾਰ ਜੀ ਨੂੰ ਸ਼ਰਧਾਂਜਲੀ ਦੇਣ ਲਈ ਪ੍ਰੈਸ ਕਲੱਬ ਬਿਲਗਾ, ਜਰਨਲਿਸਟ ਪ੍ਰੈਸ ਕਲੱਬ ਪੰਜਾਬ ਦੇ ਯੂਨਿਟ ਬਿਲਗਾ ਨੂਰਮਹਿਲ ਦਾ ਪੱਤਰਕਾਰ ਭਾਈਚਾਰਾ ਅਤੇ ਮਾਸਟਰ ਜੀ ਦੇ ਸ਼ੁੱਭ ਚਿੰਤਕਾਂ ਦਾ ਇਕੱਠ ਬਿਲਗਾ ਵਿਖੇ ਹੋਇਆ। ਇਸ ਸ਼ੋਕਮਈ ਸਭਾ ਵਿੱਚ ਪਹੁੰਚੇ ਇਕੱਠ ਨੇ ਮਾਸਟਰ ਸ਼ਸ਼ੀ ਕੁਮਾਰ ਜੀ ਦੀ ਆਤਮਿਕ ਸ਼ਾਂਤੀ ਲਈ ਪਰਮਾਤਮਾ ਕੋਲ ਅਰਦਾਸ ਕੀਤੀ ਅਤੇ ਦੋ ਮਿੰਟ ਦਾ ਮੋਨ ਧਾਰਣ ਕੀਤਾ। ਮਾਸਟਰ ਜੀ ਦੇ ਜੀਵਨ ਸਬੰਧੀ ਗੱਲਬਾਤ ਕਰਦਿਆਂ ਬੁਲਾਰਿਆਂ ਨੇ ਦੱਸਿਆ ਕਿ ਮਾਸਟਰ ਜੀ ਬਚਪਨ ਤੋਂ ਹੀ ਬਹੁਤ ਮਿਹਨਤੀ ਸਨ। ਬਚਪਨ ਵਿੱਚ ਹੀ ਪਿਤਾ ਦਾ ਹੱਥ ਸਿਰ ਤੋਂ ਉੱਠ ਜਾਣ ਦੇ ਬਾਵਜੂਦ ਵੀ ਹਾਰ ਨਹੀਂ ਮੰਨੀ ਬਲਕਿ ਸਖਤ ਮਿਹਨਤ ਕਰ ਡਿਗਰੀਆਂ ਪ੍ਰਾਪਤ ਕਰ ਕੇ ਚੰਗੇ ਅਧਿਆਪਕ ਵਜੋਂ ਉੱਭਰ ਕੇ ਪੜ੍ਹਾਈ ਵਿੱਚ ਕਮਜ਼ੋਰ ਅਤੇ ਜਰੂਰਤਮੰਦ ਬੱਚਿਆਂ ਦੀ ਸਹਾਇਤਾ ਕਰ ਉਹਨਾਂ ਬੱਚਿਆਂ ਨੂੰ ਚੰਗੇ ਮੁਕਾਮ ਹਾਸਿਲ ਕਰਵਾਏ। ਮਾਸਟਰ ਜੀ ਇੱਕ ਚੰਗੇ ਲੇਖਕ ਵੀ ਸਨ,ਮਾਸਟਰ ਜੀ ਨੇ ਬਹੁਤ ਸਾਰੇ ਸਮਾਜ ਸੁਧਾਰਕ ਲੇਖ ਵੀ ਲਿਖੇ। ਮਾਸਟਰ ਜੀ ਸਮਾਜ ਭਲਾਈ ਦੇ ਕੰਮ ਅਤੇ ਧਾਰਮਿਕ ਸਮਾਗਮਾਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ। ਮਾਸਟਰ ਜੀ ਕਸਬੇ ਦੀਆਂ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਵਿੱਚ ਵੀ ਸੇਵਾ ਨਿਭਾ ਰਹੇ ਸਨ। ਬੁਲਾਰਿਆਂ ਨੇ ਦੱਸਿਆ ਕਿ ਮਾਸਟਰ ਜੀ ਦੇ ਇੰਨੀ ਜਲਦੀ ਛੱਡ ਕੇ ਜਾਣ ਨਾਲ ਪੱਤਰਕਾਰ ਭਾਈਚਾਰੇ ,ਧਾਰਮਿਕ, ਸਮਾਜਿਕ ਸੰਸਥਾਵਾਂ ਅਤੇ ਪਰਿਵਾਰਕ ਮੈਬਰਾਂ ਨੂੰ ਪਿਆ ਘਾਟਾ ਕਦੇ ਵੀ ਪੂਰਾ ਹੋਣ ਵਾਲਾ ਨਹੀਂ ਹੈ। ਮਾਸਟਰ ਜੀ ਵਲੋਂ ਅਲੱਗ ਅਲੱਗ ਖੇਤਰਾਂ ਵਿੱਚ ਦਿੱਤੇ ਯੋਗਦਾਨ ਕਰਕੇ ਮਾਸਟਰ ਜੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਮਾਸਟਰ ਜੀ ਆਪਣੇ ਪਿੱਛੇ ਪਤਨੀ ਅਤੇ ਇੱਕ ਲੜਕੀ ਛੱਡ ਗਏ ਹਨ। ਇਸ ਸ਼ੋਕਮਈ ਸਭਾ ਵਿੱਚ ਪ੍ਰਿੰਸੀਪਲ ਰਵੀ ਸ਼ਰਮਾ, ਰਜਿੰਦਰ ਸਿੰਘ ਬਿਲਗਾ, ਪਾਰਸ ਨਈਅਰ, ਇਕਬਾਲ ਸਿੰਘ, ਦਵਿੰਦਰ ਜੌਹਲ, ਸੰਜੀਵ ਵਰਮਾ, ਮਨਜਿੰਦਰ ਜੌਹਲ, ਬਾਲਕਿਸ਼ਨ, ਤਰਸੇਮ ਲਾਲ, ਪਰਵੀਨ ਭੰਡਾਰੀ, ਧਰਮਿੰਦਰ ਕੁਮਾਰ, ਰਵਿੰਦਰ ਸੁੰਡਾ, ਤੀਰਥ ਨਈਅਰ ਆਦਿ ਮੌਜੂਦ ਸਨ।