ਗੁਜਰਾਤ : ਅੱਜ ਦੇ ਸਮੇਂ ਵਿੱਚ ਲੋਕਾਂ ਵਿੱਚ ਚੀਨੀ ਐਪ TikTok ਕਾਫ਼ੀ ਜ਼ਿਆਦਾ ਪਾਪੁਲਰ ਹੈ । ਹਰ ਕਿਸੇ ਦੇ ਸਿਰ ‘ਤੇ ਇਸਦਾ ਕ੍ਰੇਜ਼ ਚੜਿਆ ਰਹਿੰਦਾ ਹੈ । ਲੋਕ ਵੀਡੀਓ ਬਣਾਉਣ ਸਮੇਂ ਇਹ ਵੀ ਨਹੀਂ ਸੋਚਦੇ ਕਿ ਉਹ ਕਿੱਥੇ ਹਨ ਤੇ ਇਸ ਵਿੱਚ ਨਿਯਮਾਂ ਦੀ ਉਲੰਘਣਾ ਹੋ ਰਹੀ ਹੈ ਜਾਂ ਨਹੀਂ । ਅਜਿਹਾ ਇੱਕ ਮਾਮਲਾ ਗੁਜਰਾਤ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਮਹਿਲਾ ਪੁਲਿਸ ਮੁਲਾਜ਼ਮ ਨੂੰ ਬੁੱਧਵਾਰ ਨੂੰ ਮੁਅੱਤਲ ਕਰ ਦਿੱਤਾ ਕਿਉਂਕਿ ਉਸਨੇ ਪੁਲਿਸ ਸਟੇਸ਼ਨ ਵਿੱਚ ਡਾਂਸ ਕਰਦਿਆਂ ਵੀਡੀਓ ਅਪਲੋਡ ਕੀਤੀ ਸੀ ।  ਦਰਅਸਲ, ਇਹ ਮਾਮਲਾ ਮੇਹਸਾਣਾ ਜ਼ਿਲ੍ਹੇ ਦੇ ਲੰਗਨਾਜ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਅਰਪਿਤਾ ਚੌਧਰੀ ਨਾਮ ਦੀ ਮਹਿਲਾ ਪੁਲਿਸ ਮੁਲਾਜ਼ਮ ਵੱਲੋਂ ਲਾਕਅਪ ਦੇ ਸਾਹਮਣੇ ਡਾਂਸ ਕਰਦਿਆਂ ਵੀਡੀਓ ਬਣਾਉਣ ਦਾ ਹੈ । ਇਸ ਵੀਡੀਓ ਨੂੰ ਉਸਨੇ ਸੋਸ਼ਲ ਮੀਡੀਆ ‘ਤੇ ਵੀ ਅਪਲੋਡ ਕਰ ਦਿੱਤਾ, ਜੋ ਕਾਫ਼ੀ ਜ਼ਿਆਦਾ ਵਾਇਰਲ ਹੋ ਗਈ ਹੈ । ਜਦੋਂ ਇਸ ਬਾਰੇ ਵੱਡੇ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤਾਂ ਮਿਲਣ ਲੱਗੀਆਂ ਤਾਂ ਉਨ੍ਹਾਂ ਵੱਲੋਂ ਉਸ ਮਹਿਲਾ ਪੁਲਿਸ ਮੁਲਾਜ਼ਮ ਖਿਲਾਫ਼ ਤੁਰੰਤ ਕਾਰਵਾਈ ਕੀਤੀ ਗਈ ।ਇਸ ਮਾਮਲੇ ਵਿੱਚ ਡੀਐੱਸਪੀ ਮਨਜੀਤ ਵਨਰਾਜ ਨੇ ਦੱਸਿਆ ਕਿ ਅਰਪਿਤਾ ਚੌਧਰੀ ਵੱਲੋਂ ਨਿਯਮਾਂ ਨੂੰ ਤੋੜਿਆ ਗਿਆ ਹੈ । ਵੀਡੀਓ ਵਿੱਚ ਦੇਖਿਆ ਗਿਆ ਹੈ ਕਿ ਵੀਡੀਓ ਬਣਾਉਣ ਸਮੇਂ ਉਹ ਡਿਊਟੀ ‘ਤੇ ਵਰਦੀ ਵਿੱਚ ਨਹੀਂ ਸਨ । ਇਹ ਵੀਡੀਓ ਉਹ ਲੰਗਨਾਜ ਪਿੰਡ ਦੇ ਪੁਲਿਸ ਸਟੇਸ਼ਨ ਵਿੱਚ ਬਣਾ ਰਹੀ ਸੀ । ਉਨ੍ਹਾਂ ਨੇ ਕਿਹਾ ਕਿ ਪੁਲਿਸ ਨੂੰ ਖੁਦ ਅਨੁਸ਼ਾਸਨ ਦੀ ਪਾਲਣਾ ਕਰਨੀ ਚਾਹੀਦੀ । ਇਸ ਕਾਰਨ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ।