ਕਿਹਾ ਕਿ ਪਾਰਟੀ ਕਾਨੂੰਨੀ ਲੜਾਈ ‘ਚ ਮੱਦਦ ਕਰਨ ਅਤੇ ਇਤਿਹਾਸਕ ਮੰਦਿਰ ਦੀ ਮੁੜ ਉਸਾਰੀ ਦਾ ਖਰਚਾ ਉਠਾਉਣ ਲਈ ਤਿਆਰ ਹੈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਤੁਗਲਕਾਬਾਦ ਦਿੱਲੀ ਵਿਖੇ ਦਿੱਲੀ ਵਿਕਾਸ ਅਥਾਰਟੀ ਵੱਲੋਂ ਸ੍ਰੀ ਗੁਰੂ ਰਵੀਦਾਸ ਦਾ ਇਤਿਹਾਸਕ ਮੰਦਿਰ ਢਾਹੁਣ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਅਕਾਲੀ ਦਲ ਇਸ ਕੇਸ ਦੀ ਕਾਨੂੰਨੀ ਲੜਾਈ ‘ਚ ਮੱਦਦ ਕਰਨ ਅਤੇ ਇਤਿਹਾਸਕ ਮੰਦਿਰ ਦੀ ਮੁੜ ਉਸਾਰੀ ਦਾ ਖਰਚਾ ਉਠਾਉਣ ਲਈ ਤਿਆਰ ਹੈ। ਇਹ ਕਹਿੰਦਿਆ ਕਿਹ ਸ੍ਰੀ ਗੁਰੂ ਰਵੀਦਾਸ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਨਿੱਖੜਵਾਂ ਅੰਗ ਹੈ, ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਧਾਰਮਿਕ ਗੁਰੂਆਂ ਦੀ ਬੇਅਦਬੀ ਬਰਦਾਸ਼ਤ ਨਹੀਂ ਕਰੇਗਾ ਅਤੇ ਜਲਦੀ ਹੀ ਇਹ ਮਾਮਲਾ ਭਾਰਤ ਸਰਕਾਰ ਕੋਲ ਉਠਾਏਗਾ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਹ ਸ੍ਰੀ ਗੁਰੂ ਰਵੀਦਾਸ ਜੀ ਦੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਰਹਿੰਦੇ ਲੱਖਾਂ ਸ਼ਰਧਾਲੂਆਂ ਦੇ ਵਿਸ਼ਵਾਸ ਅਤੇ ਭਰੋਸੇ ਦਾ ਸੁਆਲ ਹੈ। ਇਸ ਘੜੀ ਵਿਚ ਅਕਾਲੀ ਦਲ ਪੂਰੀ ਤਰ੍ਹਾਂ ਸ੍ਰੀ ਗੁਰੂ ਰਵੀਦਾਸ ਜੀ ਦੇ ਸ਼ਰਧਾਲੂਆਂ ਦੇ ਨਾਲ ਖੜ੍ਹਾ ਹੈ। ਅਕਾਲੀ ਦਲ ਪ੍ਰਧਾਨ ਨੇ ਇਹ ਮਾਮਲਾ ਮਾਣਯੋਗ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਕੋਲ ਉਠਾ ਕੇ ਇਸ ਨੂੰ ਜਲਦੀ ਤੋਂ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ।
ਸਰਦਾਰ ਬਾਦਲ ਨੇ ਇਸ ਗੱਲ ਉੱਤੇ ਹੈਰਾਨੀ ਅਤੇ ਅਫਸੋਸ ਪ੍ਰਗਟ ਕੀਤਾ ਕਿ ਸਾਸ਼ਕ ਸਿਕੰਦਰ ਲੋਧੀ ਦੁਆਰਾ ਦਿੱਤੀ ਜਿਸ ਜ਼ਮੀਨ ਉੱਤੇ ਇਹ ਇਤਿਹਾਸਕ ਮੰਦਿਰ ਬਣਿਆ ਸੀ, ਉਸ ਦੀ ਪੁਸ਼ਟੀ ਮਾਲ ਵਿਭਾਗ ਦੇ ਰਿਕਾਰਡ ਵੀ ਕਰਦੇ ਹਨ ਕਿ ਇਹ ਜ਼ਮੀਨ ਰਵੀਦਾਸ ਭਾਈਚਾਰੇ ਦੀ ਹੈ। ਉਹਨਾਂ ਕਿਹਾ ਕਿ ਡੀਡੀਏ ਵੱਲੋਂ ਨਾ ਸਿਰਫ ਇਸ ਮੰਦਿਰ ਨੂੰ ਤੋੜਿਆ ਗਿਆ, ਸਗੋਂ ਜ਼ਮੀਨ ਉੱਤੇ ਕਬਜ਼ਾ ਕਰਨ ਲਈ ਸ੍ਰੀ ਗੁਰੂ ਰਵੀਦਾਸ ਜੀ ਦੀ ਮੂਰਤੀ ਨੂੰ ਵੀ ਜਬਦਰਸਤੀ ਉੱਥੋਂ ਹਟਾ ਦਿੱਤਾ ਗਿਆ ਅਤੇ ਮੰਦਿਰ ਦੇ ਸੇਵਾਦਾਰ ਨੂੰ ਬੰਦੀ ਬਣਾ ਲਿਆ ਗਿਆ। ਸਰਦਾਰ ਬਾਦਲ ਨੇ ਕਿਹਾ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਮੰਦਿਰ ਦੀ ਸਥਾਨਕ ਪ੍ਰਬੰਧਕ ਕਮੇਟੀ ਅਦਾਲਤ ਵਿਚ ਸਹੀ ਢੰਗ ਨਾਲ ਇਸ ਕੇਸ ਨੂੰ ਪੇਸ਼ ਨਹੀਂ ਕਰ ਸਕੀ।
ਸਰਦਾਰ ਬਾਦਲ ਨੂੰ ਮਿਲੇ ਇਸ ਵਫ਼ਦ ਵਿਚ ਅਕਾਲੀ ਦਲ ਦੇ ਵਿਧਾਇਕ ਦਲ ਦੇ ਡਿਪਟੀ ਆਗੂ ਸ੍ਰੀ ਪਵਨ ਕੁਮਾਰ ਟੀਨੂੰ, ਡਾਕਟਰ ਸੁਖਵਿੰਦਰ ਕੁਮਾਰ ਸੁੱਖੀ, ਵਿਧਾਇਕ ਬਲਦੇਵ ਸਿੰਘ ਖਹਿਰਾ, ਵਿਧਾਇਕ ਸ੍ਰੀ ਸਤਪਾਲ ਮੱਲ, ਸ੍ਰੀ ਸੁਰਜੀਤ ਬੀਟਾ, ਸ੍ਰੀ ਧਰਮਪਾਲ ਲੇਸਾਰੀਵਾਲ, ਸ੍ਰੀ ਗੁਰਨਾਮ ਸਿੰਘ, ਸ੍ਰੀ ਜੋਗਿੰਦਰ ਰਾਮ ਲੋਧੀਪੁਰ ਅਤੇ ਵਿਨੋਦ ਕੁਮਾਰ ਨੀਟਾ ਸ਼ਾਮਿਲ ਸਨ।