ਹੁਸ਼ਿਆਰਪੁਰ, 20 ਜੁਲਾਈ, 2019:

ਪੰਜਾਬ ਦਾ ਪਹਿਲਾ ‘ਹਾਲ ਆਫ ਕਾਈਂਡਨੈਸ’ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵਲੋਂ ਹੁਸ਼ਿਆਰਪੁਰ ਵਿਖੇ ਖੋਲਿ੍ਹਆ ਗਿਆ ਹੈ, ਜਿੱਥੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਜ਼ਰੂਰਤਮੰਦਾਂ ਨੂੰ ਕੱਪੜੇ, ਖਿਡੌਣੇ, ਫਰਨੀਚਰ ਅਤੇ ਹੋਰ ਘਰ ਦਾ ਸਾਜੋ-ਸਮਾਜ ਮੁਫਤ ਦਿੱਤਾ ਜਾਵੇਗਾ।

ਘਰ ਦਾ ਪੁਰਾਣਾ ਅਤੇ ਵਰਤੋਂ ਵਿਚ ਆਉਣ ਵਾਲਾ ਇਹ ਸਾਜੋ-ਸਮਾਨ ਕਿਸੇ ਵੀ ਦਾਨੀ ਸੱਜਣ ਵਲੋਂ ‘ਹਾਲ ਆਫ ਕਾਈਂਡਨੈਸ’ ਲਈ ਦਿੱਤਾ ਜਾ ਸਕਦਾ ਹੈ। ਮੁਹੱਲਾ ਈਸ਼ਨਗਰ (ਨੇੜੇ ਸਾਂਝੀ ਰਸੋਈ) ਹੁਸ਼ਿਆਰਪੁਰ ਵਿਖੇ ਖੋਲ੍ਹੇ ਗਏ ‘ਹਾਲ ਆਫ ਕਾਈਂਡਨੈਸ’ ਦਾ ਉਦਘਾਟਨ ਅੱਜ ਉਦਯੋਗ ਤੇ ਵਣਜ ਮੰਤਰੀ ਪੰਜਾਬ ਸ੍ਰੀ ਸੁੰਦਰ ਸ਼ਾਮ ਅਰੋੜਾ ਵਲੋਂ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਵੀ ਮੌਜੂਦ ਸਨ।

ਉਦਘਾਟਨੀ ਸਮਾਰੋਹ ਦੌਰਾਨ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਇਹ ਪਹਿਲਾ ਪ੍ਰੋਜੈਕਟ ਹੈ, ਜੋ ਸਮਾਜਿਕ ਤੰਦਾਂ ਨੂੰ ਹੋਰ ਮਜ਼ਬੂਤ ਕਰੇਗਾ। ਉਨ੍ਹਾਂ ਕਿਹਾ ਕਿ ਬਾਕੀ ਜ਼ਿਲਿ੍ਹਆਂ ਨੂੰ ਵੀ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ, ਤਾਂ ਜੋ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਜ਼ਰੂਰਤਮੰਦਾਂ ਦਾ ਸਹਾਰਾ ਬਣਿਆ ਜਾ ਸਕੇ।

ਸ਼੍ਰੀ ਅਰੋੜਾ ਨੇ ਕਿਹਾ ਕਿ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵਲੋਂ ਸਾਂਝੀ ਰਸੋਈ ਵੀ ਸਫਲਤਾਪੂਰਵਕ ਚਲਾਈ ਜਾ ਰਹੀ ਹੈ, ਜਦਕਿ ਸੋਸਾਇਟੀ ਵਲੋਂ ਲੋੜਵੰਦ ਮਰੀਜ਼ਾਂ ਦੇ ਮੁਫਤ ਵਿਚ ਡਾਇਲਸਿਸ ਅਤੇ ਹੋਰ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦਾਨੀ ਸੱਜਣਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਨ ਵਿਚ ਸੇਵਾ ਭਾਵਨਾ ਨਾਲ ਹੀ ਮਾਨਵਤਾ ਦੀ ਸੇਵਾ ਕੀਤੀ ਜਾ ਸਕਦੀ ਹੈ।

ਉਨ੍ਹਾਂ ਸ਼੍ਰੀ ਪਿਆਰੇ ਲਾਲ ਸੈਣੀ ਅਤੇ ਮਹੰਤ ਸ਼੍ਰੀ ਰਮਿੰਦਰ ਦਾਸ ਡੇਰਾ ਬਾਬਾ ਚਰਨ ਸ਼ਾਹ ਜੀ ਵਲੋਂ ‘ਹਾਲ ਆਫ ਕਾਈਂਡਨੈਸ’ ਲਈ ਪਾਏ ਯੋਗਦਾਨ ਦੀ ਵਿਸ਼ੇਸ ਤੌਰ ‘ਤੇ ਸਰਹਾਨਾ ਕੀਤੀ ਅਤੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਸਾਂਝੀ ਰਸੋਈ ਨੂੰ ਕਾਮਯਾਬ ਬਣਾਇਆ ਹੈ, ਉਸੇ ਤਰ੍ਹਾਂ ਇਸ ਪ੍ਰੋਜੈਕਟ ਨੂੰ ਸਫਲ ਬਣਾਇਆ ਜਾਵੇ।

ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਵਲੋਂ ਜਨਤਾ ਦੀ ਸਹੂਲਤ ਲਈ ਹੁਸ਼ਿਆਰਪੁਰ ਦੀਆਂ ਪ੍ਰਮੁੱਖ ਪਾਰਕਾਂ ਵਿਚ ਆਊਟਡੋਰ ਜਿੰਮ ਵੀ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਅਜਿਹੇ 12 ਜਿੰਮ ਲਗਾਏ ਜਾਣਗੇ, ਤਾਂ ਜੋ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਪੱਬਾਂ ਭਾਰ ਕੀਤਾ ਜਾ ਸਕੇ।

ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਿਚ ਜਿੱਥੇ ਕਾਨੂੰਨ ਵਿਵਸਥਾ ਸੁਚਾਰੂ ਢੰਗ ਨਾਲ ਲਾਗੂ ਕਰਵਾਈ ਜਾਵੇਗੀ, ਉਥੇ ਆਉਣ ਵਾਲੇ ਦਿਨਾਂ ਵਿਚ ਵਿਕਾਸ ਪੱਖੋਂ ਕਈ ਅਹਿਮ ਪ੍ਰੋਜੈਕਟ ਲਿਆਂਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਨਤਾ ਦੀ ਸੁਵਿਧਾ ਲਈ ਅਤਿ-ਆਧੁਨਿਕ ਬੱਸ ਸ਼ੈਲਟਰ, ਸੀ.ਸੀ.ਟੀ.ਵੀ ਕੈਮਰਿਆਂ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਵਲੋਂ ਹੁਸ਼ਿਆਰਪੁਰ ਦੇ ਵਿਕਾਸ ਲਈ ਐਲਾਨੇ 157 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਕੰਮ ਜਲਦੀ ਸ਼ੁਰੂ ਕਰਵਾਇਆ ਜਾਵੇਗਾ।

ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ‘ਹਾਲ ਆਫ ਕਾਈਂਡਨੈਸ’ ਦਾ ਮੁੱਖ ਉਦੇਸ਼ ਜ਼ਰੂਰਤਮੰਦਾਂ ਦਾ ਸਹਾਰਾ ਬਣਨਾ ਹੈ, ਜਿਸਦੇ ਲਈ ਦਾਨੀ-ਸੱਜਣਾਂ ਦੀ ਹਿੱਸੇਦਾਰੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹਾਲ ਲਈ ਜਗਾਹ ਮਹੰਤ ਸ਼੍ਰੀ ਰਮਿੰਦਰ ਦਾਸ ਵਲੋਂ ਦਾਨ ਕੀਤੀ ਗਈ ਹੈ, ਜਦਕਿ ਉਘੇ ਦਾਨੀ-ਸੱਜਣ ਸ੍ਰੀ ਪਿਆਰੇ ਲਾਲ ਸੈਣੀ ਵਲੋਂ 5 ਲੱਖ ਰੁਪਏ ਦਾ ਯੋਗਦਾਨ ਪਾਇਆ ਗਿਆ ਹੈ।

ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਦਾਨੀ-ਸੱਜਣਾਂ ਦੇ ਸਹਿਯੋਗ ਨਾਲ ਹੀ ਅਜਿਹੇ ਪ੍ਰੋਜੈਕਟ ਸਫਲ ਹੋ ਸਕਦੇ ਹਨ, ਇਸ ਲਈ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ। ਉਨ੍ਹਾਂ ਕਿਹਾ ਕਿ ਦਾਨੀ ਸੱਜਣਾਂ ਵਲੋਂ ਪੁਰਾਣੇ ਅਤੇ ਮੁੜ ਵਰਤੋਂ ਵਿਚ ਆਉਣ ਵਾਲੇ ਕੱਪੜੇ, ਨੰਨਿ੍ਹਆਂ ਲਈ ਖਿਡੌਣੇ, ਫਰਨੀਚਰ, ਬਰਤਨ, ਇਲੈਕਟ੍ਰੋਨਿਕ ਦੇ ਸਮਾਨ ਤੋਂ ਇਲਾਵਾ ਹੋਰ ਘਰ ਦਾ ਸਾਜੋ-ਸਮਾਨ ‘ਹਾਲ ਆਫ ਕਾਈਂਡਨੈਸ’ ਵਿਚ ਦਾਨ ਵਜੋਂ ਦਿੱਤਾ ਜਾ ਸਕਦਾ ਹੈ, ਜੋ ਲੋੜਵੰਦ ਵਿਅਕਤੀਆਂ ਨੂੰ ਮੁਫਤ ਦਿੱਤਾ ਜਾਵੇਗਾ।

ਸਮਾਰੋਹ ਦੌਰਾਨ ਸ਼੍ਰੀ ਅਰੋੜਾ ਨੇ ਜ਼ਰੂਰਤਮੰਦ ਮਰੀਜ਼ਾਂ, ਹੋਣਹਾਰ ਤੇ ਲੋੜਵੰਦ ਵਿਦਿਆਰਥੀਆਂ ਤੋਂ ਇਲਾਵਾ ਹੋਰ ਜ਼ਰੂਰਤਮੰਦਾਂ ਨੂੰ ਵਿੱਤੀ ਸਹਾਇਤਾ ਦੇ ਚੈਕ ਸੌਂਪੇ, ਜਦਕਿ ਅਜੜਾਮ ਵਿਖੇ ਇਕ ਹਾਦਸੇ ਦੌਰਾਨ ਹੋਈ ਤਿੰਨ ਵਿਅਕਤੀਆਂ ਦੀ ਮੌਤ ‘ਤੇ ਵਾਰਿਸਾਂ ਨੂੰ ਇਕ-ਇਕ ਲੱਖ ਰੁਪਏ ਅਤੇ 13 ਜ਼ਖਮੀਆਂ ਨੂੰ 10-10 ਹਜ਼ਾਰ ਰੁਪਏ ਦੇ ਚੈਕ ਸੌਂਪੇ ਗਏ।

ਇਸ ਮੌਕੇ ਐਸ.ਡੀ.ਐਮ. ਸ਼੍ਰੀ ਅਮਿਤ ਸਰੀਨ, ਸਕੱਤਰ ਜ਼ਿਲ੍ਹਾ ਰੈਡ ਕਰਾਸ ਸ਼੍ਰੀ ਨਰੇਸ਼ ਗੁਪਤਾ, ਸ਼ਹਿਰੀ ਕਾਂਗਰਸ ਪ੍ਰਧਾਨ ਐਡਵੋਕੇਟ ਰਾਕੇਸ਼ ਮਰਵਾਹਾ, ਕੌਂਸਲਰ ਸ਼੍ਰੀ ਪ੍ਰਵੀਨ ਸੈਣੀ, ਸ਼੍ਰੀ ਖਰੈਤੀ ਲਾਲ ਕਤਨਾ, ਸ਼੍ਰੀ ਸ਼ਾਦੀ ਲਾਲ, ਸ਼੍ਰੀ ਅਨਿਲ ਕੁਮਾਰ, ਸ਼੍ਰੀ ਸੁਮੇਸ਼ ਸੋਨੀ, ਸ੍ਰੀ ਰਮੇਸ਼ ਠਾਕੁਰ, ਸ਼੍ਰੀਮਤੀ ਅਮਰਜੀਤ ਕੌਰ ਸੈਣੀ, ਸ਼੍ਰੀ ਦੇਸ਼ਵੀਰ ਸ਼ਰਮਾ, ਐਡਵੋਕੇਟ ਨਵੀਨ ਜੈਰਥ, ਸ਼੍ਰੀਮਤੀ ਸੁਖਵਿੰਦਰ ਕੌਰ, ਸ੍ਰੀ ਰਜਿੰਦਰ ਪਰਮਾਰ, ਸ਼੍ਰੀ ਦੀਪ ਭੱਟੀ, ਸ਼੍ਰੀ ਆਗਿਆਪਾਲ ਸਿੰਘ ਸੈਣੀ ਤੋਂ ਇਲਾਵਾ ਰੈਡ ਕਰਾਸ ਸੋਸਾਇਟੀ ਦੇ ਮੈਂਬਰ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।