ਟੋਰਾਂਟੋ – 21 ਅਕਤੂਬਰ ਤੋਂ ਹੋਣ ਵਾਲੀਆਂ ਕੈਨੇਡੀਅਨ ਫੈਡਰਲ ਚੋਣਾਂ ਨੂੰ ਲੈ ਕੇ ਹਰੇਕ ਉਮੀਦਵਾਰ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਨਵੇਂ-ਨਵੇਂ ਵਾਅਦੇ ਕਰ ਰਿਹਾ ਹੈ। ਉਥੇ ਹੀ ਮੈਕਸਿਮ ਬਰਨੀਅਰ ਦਾ ਆਖਣਾ ਹੈ ਕਿ ਜੇ ਉਹ ਪੀ. ਐੱਮ. ਬਣਦੇ ਹਨ ਤਾਂ ਉਨ੍ਹਾਂ ਦੀ ਸਰਕਾਰ ਰਫਿਊਜੀਆਂ ਅਤੇ ਇਮੀਗ੍ਰੇਸ਼ਨ ਦੀ ਗਿਣਤੀ ‘ਚ ਕਟੌਤੀ ਕਰੇਗੀ। ਬਾਰਡਰ ਪਾਰੋਂ ਕੈਨੇਡਾ ‘ਚ ਪਨਾਹ ਹਾਸਲ ਕਰਨ ਦੇ ਚਾਹਵਾਨਾਂ ਦੀ ਗਿਣਤੀ ਘਟਾਉਣ ਲਈ ਬਾਰਡਰ ‘ਤੇ ਵਾੜ ਲਾਵੇਗੀ ਅਤੇ ਉਹ ਉਸ ਪ੍ਰੋਗਰਾਮ ਨੂੰ ਖ਼ਤਮ ਕਰਨਗੇ ਜਿਸ ਰਾਹੀਂ ਇਮੀਗ੍ਰੈਂਟਸ ਆਪਣੇ ਪਰਿਵਾਰਾਂ ਨੂੰ ਸਪਾਂਸਰ ਕਰ ਸਕਦੇ ਹਨ।ਟੋਰਾਂਟੋ ਦੇ ਪੱਛਮੀ ਮਿਸੀਸਾਗਾ, ਓਨਟਾਰੀਓ ‘ਚ ਪ੍ਰੋਗਰਾਮ ਦੌਰਾਨ ਕਿਊਬਕ ਤੋਂ ਐੱਮ. ਪੀ. ਬਰਨੀਅਰ ਨੇ ਇਹ ਵਿਚਾਰ ਸਾਂਝੇ ਕੀਤੇ। ਹਾਲਾਂਕਿ ਓਪੀਨੀਅਨ ਪੋਲ ‘ਚ ਉਨ੍ਹਾਂ ਦੀ ਪੀਪਲਜ਼ ਪਾਰਟੀ 2 ਫੀਸਦੀ ਸਮਰਥਨ ਇਕੱਠਾ ਕਰਨ ‘ਚ ਵੀ ਅਸਫਲ ਦੱਸੀ ਜਾ ਰਹੀ ਹੈ।ਬੁੱਧਵਾਰ ਨੂੰ ਆਪਣੇ ਭਾਸ਼ਣ ‘ਚ ਬਰਨੀਅਰ ਨੇ ਕਿਹਾ ਕਿ ਉਹ ਸਮਝ ਸਕਦੇ ਹਨ ਕਿ ਇਮੀਗ੍ਰੈਂਟਸ ਆਪਣੇ ਪਰਿਵਾਰਾਂ ਨੂੰ ਇਥੇ ਕਿਉਂ ਸੱਦਣਾ ਚਾਹੁੰਦੇ ਹਨ, ਇਨ੍ਹਾਂ ‘ਚ ਉਹ ਬਜ਼ੁਰਗ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਸਾਡੇ ਹੈਲਥ ਕੇਅਰ ਸਿਸਟਮ ਤੋਂ ਫਾਇਦਾ ਹੋ ਸਕਦਾ ਹੈ ਪਰ ਅਸੀਂ ਲੋਕਾਂ ਦੀ ਭਲਾਈ ਦਾ ਠੇਕਾ ਲੈਣ ਵਾਲੇ ਤਾਂ ਨਹੀਂ ਬਣ ਸਕਦੇ। ਉਨ੍ਹਾਂ ਕੈਨੇਡਾ ਆਉਣ ਵਾਲੇ ਇਮੀਗ੍ਰੈਂਟਾਂ ਦੀ ਗਿਣਤੀ ਹਰ ਸਾਲ 1 ਲੱਖ ਤੋਂ ਘਟਾਉਣ ਦਾ ਵਿਚਾਰ ਪ੍ਰਗਟਾਇਆ।