ਫਗਵਾੜਾ (ਡਾ ਰਮਨ ) ਅੱਖਾਂ ਦੇ ਮਹਾਦਾਨ ‘ਚ ਵਢਮੁੱਲਾ ਯੋਗਦਾਨ ਪਾ ਰਹੀ ਸਮਾਜ ਸੇਵੀ ਜੱਥੇਬੰਦੀ ਪੁਨਰਜੋਤ ਦੇ ਅੰਤਰ ਰਾਸ਼ਟਰੀ ਕੋ-ਆਰਡੀਨੇਟਰ ਅਸ਼ੋਕ ਮਹਿਰਾ ਨੇ ਫਗਵਾੜਾ ਵਿਖੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅੱਖਾਂ ਦੇ ਫਰੀ ਅਪ੍ਰੇਸ਼ਨ 30 ਨਵੰਬਰ ਨੂੰ ਪੁਨਰਜੋਤ ਵੈਲਫੇਅਰ ਸੁਸਾਇਟੀ ਫਗਵਾੜਾ ਵੱਲੋਂ ਕਰਵਾਏ ਜਾਣਗੇ। ਅੱਖਾਂ ਦੇ ਚਿੱਟੇ ਮੋਤੀਏ ਦੇ ਆਪ੍ਰੇਸ਼ਨ ਕਰਵਾਉਣ ਦੇ ਚਾਹਵਾਨ ਜਰੂਰਤਮੰਦ ਮਰੀਜ਼ ਪੁਨਰਜੋਤ ਸੰਸਥਾ ਨਾਲ ਸੰਪਰਕ ਕਰਕੇ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਰਜਿਸਟਰੇਸ਼ਨ ਸੰਪਰਕ ਨੰਬਰ ੯੭੮੧੭-੦੫੭੫੦ ਜਾਂ ੯੮੧੪੧-੫੧੩੦੦ ‘ਤੇ ਫੋਨ ਦੇ ਮਾਧਿਅਮ ਰਾਹੀਂ ਕਰਵਾਈ ਜਾ ਸਕਦੀ ਹੈ। ਰਜਿਸਟਰੇਸ਼ਨ ਤੋਂ ਬਾਅਦ ਮਰੀਜ਼ਾਂ ਨੂੰ ਕਰੋਨਾ ਕਾਲ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਅੱਖਾਂ ਦੇ ਹਸਪਤਾਲ ਵਿੱਚ ਅਪ੍ਰੇਸ਼ਨਾਂ ਲਈ ਸਮਾਂ ਦਿੱਤਾ ਜਾਵੇਗਾ। ਚਿੱਟੇ ਮੋਤੀਏ ਦੇ ਅਪ੍ਰੇਸ਼ਨ ਅੱਖਾਂ ਦੇ ਮਾਹਿਰ ਡਾਕਟਰ ਰਮੇਸ਼ ਰਮੇਸ਼ ਸੁਪਰਸਪੈਸ਼ਲਿਟੀ ਆਈ ਹਸਪਤਾਲ ਲੁਧਿਆਣਾ, ਡਾਕਟਰ ਐਸ. ਰਾਜਨ ਆਈ ਕੇਅਰ ਫਗਵਾੜਾ ਅਤੇ ਡਾ. ਜੀ. ਐਸ. ਵਿਰਦੀ ਅੱਖਾਂ ਦਾ ਹਸਪਤਾਲ, ਚਾਹਲ ਨਗਰ ਫਗਵਾੜਾ ਵਲੋਂ ਕੀਤੇ ਜਾਣਗੇ। ਮਰੀਜ਼ਾਂ ਨੂੰ ੨੯ ਨਵੰਬਰ ਤੱਕ ਆਪਣੀ ਰਜਿਸਟਰੇਸ਼ਨ ਫੋਨ ਤੇ ਕਰਵਾਉਣੀ ਜਰੂਰੀ ਹੋਵੇਗੀ। ਪੁਨਰਜੋਤ ਦੇ ਕੋਆਰਡੀਨੇਟਰ ਹਰਦੀਪ ਭੋਗਲ ਨੇ ਦੱਸਿਆ ਕਿ ਜੇਕਰ ਕੋਈ ਸੰਸਥਾ ਜਾਂ ਦਾਨੀ ਇਸ ਲੰਗਰ ਵਿੱਚ ਇੱਕ, ਦੋ ਜਾਂ ਵੱਧ ਅਪ੍ਰੇਸ਼ਨ ਕਰਵਾਉਣ ਵਿੱਚ ਯੋਗਦਾਨ ਪਾਉਣਾ ਚਾਹੁੰਦਾ ਹੋਵੇ ਤਾਂ ਪੁਨਰਜੋਤ ਸੰਸਥਾ ਜਾਂ ਡਾਕਟਰਾਂ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ। ਇੱਕ ਅਪ੍ਰੇਸ਼ਨ ਦਾ ਖਰਚਾ ਲਗਭਗ ਪੰਜ ਹਜਾਰ ਰੁਪਏ ਸਾਰੇ ਟੈਸਟਾਂ, ਐਨਕ, ਦਵਾਈਆਂ ਅਤੇ ਚੈੱਕਅੱਪ ਸਮੇਤ ਹੋਵੇਗਾ। ਦਾਨੀ ਸੱਜਣ ਇਸ ਨੇਕ ਕੰਮ ਲਈ ਉਪਰੋਕਤ ਡਾਕਟਰਾਂ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਹਨ। ਉਹਨਾਂ ਦੱਸਿਆ ਕਿ ਅੱਖਾਂ ਦਾ ਇਹ ਮਿਸ਼ਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਨਵਤਾ ਨੂੰ ਹਨੇਰੇ ਤੋਂ ਬਾਹਰ ਕੱਢ ਕੇ ਪ੍ਰਕਾਸ਼ ਵੱਲ ਲੈ ਜਾਣ ਦੇ ਉਪਦੇਸ਼ ਨਾਲ ਹੀ ਪ੍ਰੇਰਿਤ ਹੈ।