ਬਿਊਰੋ ਰਿਪੋਰਟ –
ਗ੍ਰਹਿ ਮੰਤਰਾਲੇ ਦੀ ਇੱਕ ਟੀਮ ਵਲੋਂ ਅੱਜ ਡੇਰਾ ਬਾਬਾ ਨਾਨਕ ਵਿਖੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੱਕ ਬਣਾਏ ਜਾ ਰਹੇ ਲਾਂਘੇ ਦਾ ਨਿਰੀਖਣ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗ੍ਰਹਿ ਮੰਤਰਾਲੇ ਦੇ ਵਧੀਕ ਸਕੱਤਰ ਗੋਵਿੰਦ ਮੋਹਨ ਨੇ ਦੱਸਿਆ ਕਿ ਭਾਰਤ ਵਾਲੇ ਪਾਸੇ ਤੋਂ ਕਰਤਾਰਪੁਰ ਲਾਂਘੇ ਦਾ ਕੰਮ ਸਮੇਂ ਤੋਂ ਪਹਿਲਾਂ ਮੁਕੰਮਲ ਹੋ ਜਾਵੇਗਾ।

ਉਨ੍ਹਾਂ ਇਹ ਵੀ ਦੱਸਿਆ ਕਿ ਕਰਤਾਰਪੁਰ ਲਾਂਘਾ 11 ਨਵੰਬਰ ਭਾਵ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਇੱਕ ਦਿਨਾਂ ਪਹਿਲਾਂ ਖੁੱਲ੍ਹ ਜਾਵੇਗਾ। ਮੋਹਨ ਨੇ ਕਿਹਾ ਕਿ ਕਰਤਾਰਪੁਰ ਲਾਂਘੇ ‘ਚ ਤਿੰਨ ਕਾਰਜ ਹਨ, ਜਿਹੜੇ ਭਾਰਤ ਦੇ ਹਿੱਸੇ ‘ਚ ਹਨ।

ਪਹਿਲਾਂ ਕੰਮ ਗੁਰਦਾਸਪੁਰ-ਬਟਾਲਾ ਹਾਈਵੇਅ ਤੋਂ ਸਰਹੱਦ ਬਿੰਦੂ ਤੱਕ 3.5 ਕਿਲੋਮੀਟਰ ਦਾ ਵਾਧੂ ਹਾਈਵੇਅ ਬਣਾਉਣਾ ਹੈ। ਇਸ ਦਾ 70 ਫ਼ੀਸਦੀ ਕੰਮ ਪੂਰਾ ਹੋ ਚੁੱਕਾ ਹੈ ਅਤੇ ਇਸ ਨੂੰ 31 ਅਕਤੂਬਰ ਤੱਕ ਪੂਰਾ ਕਰ ਲਿਆ ਜਾਵੇਗਾ। ਦੂਜਾ ਕੰਮ ਯਾਤਰੀ ਟਰਮੀਨਲ ਬਿਲਡਿੰਗ ਦਾ ਹੈ, ਜਿਸ ਦਾ ਕੰਮ ਚੱਲ ਰਿਹਾ ਹੈ।। ਇਸ ਭਵਨ ‘ਚ ਕਰਤਾਰਪੁਰ ਵੱਲ ਜਾਣ ਵਾਲੇ ਸਿੱਖ ਸ਼ਰਧਾਲੂਆਂ ਲਈ ਇਮੀਗ੍ਰੇਸ਼ਨ ਅਤੇ ਹੋਰ ਸਹੂਲਤਾਂ ਹੋਣਗੀਆਂ।