* ਕੋਰੋਨਾ ਆਫਤ ‘ਚ ਭੁੱਖ ਮਰੀ ਦਾ ਸ਼ਿਕਾਰ ਹੋਇਆ ਗਰੀਬ ਤੇ ਮੱਧ ਵਰਗ
ਫਗਵਾੜਾ (ਡਾ ਰਮਨ) ਬੈਂਕਾਂ ਤੋਂ ਕਰਜ਼ ਲੈ ਕੇ ਦੇਸ਼ ਤੋਂ ਭਗੋੜੇ ਹੋਏ ਨੀਰਵ ਮੋਦੀ, ਵਿਜੇ ਮਾਲਿਆ ਅਤੇ ਮੇਹੁਲ ਚੋਕਸੀ ਵਰਗੇ 50 ਵੱਡੇ ਡਿਫਾਲਟਰਾਂ ਦਾ ਕਰਜਾ ਬੱਟੇ ਖਾਤੇ ਵਿਚ ਪਾ ਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ 68 ਹਜ਼ਾਰ ਕਰੋੜ ਰੁਪਏ ਦਾ ਘੋਟਾਲਾ ਕੀਤਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਪੰਜਾਬ ਐਗਰੋ ਇੰਡਸਟ੍ਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਇਸ ਸਬੰਧੀ ਰਿਜਰਵ ਬੈਂਕ ਆਫ ਇੰਡੀਆ ਵਲੋਂ ਇਕ ਆਰ.ਟੀ.ਆਈ. ਦੇ ਜਵਾਬ ਵਿਚ ਬੀਤੇ ਦਿਨ ਕੀਤੇ ਖੁਲਾਸੇ ਪ੍ਰਤੀ ਟਿੱਪਣੀ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਪੂਰਾ ਦੇਸ਼ ਕੋਰੋਨਾ ਦੀ ਮਾਰ ਝੱਲ ਰਿਹਾ ਹੈ। ਲੋਕਾਂ ਦੇ ਕਾਰੋਬਾਰ ਠੱਪ ਪਏ ਹਨ। ਗਰੀਬ ਅਤੇ ਮੱਧ ਵਰਗ ਕਾਰੋਬਾਰ ਬੰਦ ਹੋਣ ਕਾਰਨ ਭੁੱਖਮਰੀ ਦਾ ਸ਼ਿਕਾਰ ਹੋ ਰਿਹਾ ਹੈ। ਗਰੀਬ ਤੇ ਮੱਧ ਵਰਗ ਨੂੰ ਰਾਹਤ ਦੇਣ ਲਈ ਸਰਕਾਰ ਨੇ ਕੋਈ ਉਪਰਾਲਾ ਨਹੀਂ ਕੀਤਾ ਲੇਕਿਨ ਦੂਸਰੇ ਪਾਸੇ ਕਾਰਪੋਰੇਟ ਘਰਾਣਿਆਂ ਨੂੰ 68 ਹਜ਼ਾਰ ਕਰੋੜ ਰੁਪਏ ਦਾ ਕਰਜ਼ ਬੱਟੇ ਖਾਤੇ ਵਿਚ ਪਾ ਕੇ ਇਕ ਤਰ•ਾਂ ਨਾਲ ਮਾਫ ਕਰ ਦਿੱਤਾ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਉਹਨਾਂ ਮੋਦੀ ਸਰਕਾਰ ਤੇ ਤਲਖ ਟਿੱਪਣੀਆਂ ਕਰਦਿਆਂ ਕਿਹਾ ਕਿ ਇਹ ਸਰਕਾਰ ਗਰੀਬ ਅਤੇ ਮੱਧ ਵਰਗ ਦੀ ਦੁਸ਼ਮਣ ਹੈ। ਕਦੇ ਸਵਦੇਸ਼ੀ ਦਾ ਝੰਡਾ ਚੁੱਕਣ ਵਾਲੀ ਭਾਜਪਾ ਦੀ ਮੋਜੂਦਾ ਸਰਕਾਰ ਅੱਜ ਵੱਡੀਆਂ ਕੰਪਨੀਆਂ ‘ਚ ਅਜਿਹੇ ਵਪਾਰਕ ਸਮਝੌਤੇ ਕਰਵਾ ਰਹੀ ਹੈ ਜਿਸ ਨਾਲ ਛੋਟੇ ਦੁਕਾਨਦਾਰ ਤਬਾਹ ਹੋ ਜਾਣਗੇ ਕਿਉਂਕਿ ਵੱਡੀਆਂ ਮਲਟੀ ਨੈਸ਼ਨਲ ਕੰਪਨੀਆਂ ਭਾਰਤ ਵਿਚ ਪਰਚੂਨ ਵੇਚਣਾ ਸ਼ੁਰੂ ਕਰ ਦੇਣਗੀਆਂ। ਪਹਿਲਾਂ ਮੋਦੀ ਸਰਕਾਰ ਨੇ ਟੈਲੀਕਾਮ ਖੇਤਰ ਵਿਚ ਇਕ ਕੰਪਨੀ ਦਾ ਅਧਿਕਾਰ ਕਰਵਾਇਆ ਅਤੇ ਹੁਣ ਰਿਟੇਲ ਮਾਰਕਿਟ ‘ਚ ਵੀ ਇਕ ਕੰਪਨੀ ਦਾ ਵਿਸ਼ੇਸ਼ ਅਧਿਕਾਰ ਕਰਵਾਉਣ ‘ਚ ਲੱਗੀ ਹੈ। ਉਹਨਾਂ ਕਿਹਾ ਕਿ ਕੋਰੋਨਾ ਆਫਤ ਨਾਲ ਸਭ ਤੋਂ ਜਿਆਦਾ ਪ੍ਰਭਾਵਿਤ ਹੋਏ ਛੋਟੇ ਦੁਕਾਨਦਾਰਾਂ, ਵਪਾਰੀਆਂ, ਸਮਾਲ ਸਕੇਲ ਇੰਡਸਟਰੀ ਲਈ ਕੇਂਦਰ ਸਰਕਾਰ ਵਲੋਂ ਰਾਹਤ ਪੈਕੇਜ ਦਾ ਐਲਾਨ ਕੀਤਾ ਜਾਵੇ ਤਾਂ ਜੋ ਇਹਨਾਂ ਨੂੰ ਤਬਾਹੀ ਤੋਂ ਬਚਾਇਆ ਜਾ ਸਕੇ।