ਸ਼ਾਹਕੋਟ: ਮਲਸੀਆ,‌(ਸਾਹਬੀ ਦਾਸੀਕੇ)

3582 ਮਾਸਟਰ ਕਾਰਡ ਯੂਨੀਅਨ ਦੀ ਮੀਟਿੰਗ ਬੇਅੰਤ ਸਿੰਘ ਭੱਦਮਾਂ ਦੀ ਅਗਵਾਈ ’ਚ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਹੋਈ, ਜਿਸ ਵਿੱਚ ਵੱਡੀ ਗਿਣਤੀ ’ਚ 3582 ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਯੂਨੀਅਨ ਆਗੂਆਂ ਨੇ ਕਿਹਾ ਕਿ 3582 ਅਧਿਆਪਕਾਂ ਨੂੰ ਆਪਣੇ ਘਰਾਂ ਤੋਂ 250-300 ਕਿਲੋਮੀਟਰ ਦੂਰ ਸਕੂਲ ਦਿੱਤੇ ਗਏ ਹਨ, ਜਿਸ ਕਾਰਨ ਅਧਿਆਪਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਅਧਿਆਪਕ ਖੱਜਲ ਖੁਆਰ ਹੋ ਰਹੇ ਹਨ। ਉਨਾਂ ਕਿਹਾ ਕਿ 3582 ਅਧਿਆਪਕਾਂ ਨੂੰ ਤਿੰਨ ਸਾਲ ਦੇ ਪ੍ਰੋਬੇਸ਼ਨ ਸਮੇਂ ਤੇ 10300/- ਰੁਪਏ ਤੇ ਨਿਗੂਣੀ ਤਨਖਾਹ ਉੱਪਰ ਗੁਜ਼ਾਰਾ ਕਰਨਾ ਪੈ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕਿ 3582 ਅਧਿਆਪਕਾਂ ਦਾ ਸਪੈਸ਼ਲ ਪੋਰਟਲ ਬਣਾਕੇ ਜਲਦੀ ਤੋਂ ਜਲਦੀ ਉਨਾਂ ਦੀ ਬਦਲੀ ਕੀਤੀ ਜਾਵੇ ਤਾਂ ਜੋ ਉਹ ਆਪਣੇ ਘਰ ਦੇ ਨਜ਼ਦੀਕ ਜਾ ਸਕਣ ਅਤੇ ਅਧਿਆਪਕਾਂ ਦਾ ਪ੍ਰੋਬੇਸ਼ਨ ਸਮਾਂ ਘਟਾ ਕੇ ਦੋ ਸਾਲ ਕੀਤਾ ਜਾਵੇ। ਪ੍ਰੋਬੇਸ਼ਨ ਸਮੇਂ ਦੌਰਾਨ ਪੂਰੀ ਤਨਖਾਹ ਦਿੱਤੀ ਜਾਵੇ। ਉਨਾਂ ਕਿਹਾ ਕਿ ਜੇਕਰ ਸਰਕਾਰ ਨੇ 3582 ਮਾਸਟਰ ਕਾਰਡ ਯੂਨੀਅਨ ਦੀਆਂ ਮੰਗਾਂ ਨਾ ਮੰਨੀਆਂ ਤਾਂ ਸਰਕਾਰ ਵਿਰੁੱਧ ਸੰਘਰਸ਼ ਦਾ ਬਿਗਲ ਵਜਾਇਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰੇਸ਼ ਕੁਮਾਰ, ਜਸਵੰਤ ਸਿੰਘ, ਜਗਰੂਪ ਸਿੰਘ, ਮਨਿੰਦਰ ਕੁਮਾਰ, ਅਰਸ਼ਦੀਪ ਸਿੰਘ, ਮੁਹੋਮਦ ਅੰਸ, ਲਿਪਸੀ ਗੋਇਲ, ਨਵ ਕਿਰਨ, ਪਰਮਜੀਤ ਕੌਰ ਆਦਿ ਆਗੂ ਹਾਜ਼ਰ ਸਨ।