ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਤੇ ਜਨਰਲ ਸਕੱਤਰ ਸਵਰਨ ਸਿੰਘ ਪੰਧੇਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 16 ਸਤੰਬਰ ਨੂੰ ਮੁੱਖ ਮੰਤਰੀ ਨੇ 14 ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕਰਨ, ਬੁੱਟ ਰਾਣਾ ਖੰਡ ਮਿਲ ਦੇ ਮਾਲਕ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਗਲਤ ਵਤੀਰਾ ਵਿਖਾ ਕੇ ਗੈਰ ਕਾਨੂੰਨੀ ਢੰਗ ਨਾਲ 9 ਕਿਸਾਨਾਂ ਦਾ ਗੰਨਾ ਬਾਂਡ ਕਰਨ ਤੋਂ ਨਾਂਹ ਕਰਨ ਤੇ ਸੈਂਕੜੇ ਕਰੋੜ ਦਾ ਬਕਾਇਆ ਜਾਰੀ ਨਾ ਕਰਨ, ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਨ ਤੋਂ ਮੁਕਰਨ ਤੇ ਆੜਤੀਆਂ ਤੇ ਬੈਂਕਾਂ ਵੱਲੀ ਕਿਸਾਨਾਂ ਦੀਆਂ ਜ਼ਮੀਨਾਂ ਕੁਰਕ ਕਰਨ ਤੇ ਪਰਾਲੀ ਦੇ ਮੁੱਦੇ ਨੂੰ ਹੱਲ ਨਾ ਕਰਨ, ਹੜਾਂ ਨਾਲ ਤਬਾਹ ਹੋਈਆਂ ਫਸਲਾਂ ਦਾ ਮੁਆਵਜ਼ਾ ਨਾ ਦੇਣ, ਕਿਸਾਨਾਂ ਦੀ ਸਹਿਮਤੀ ਤੋਂ ਬਗੈਰ ਟੋਲ ਪਲਾਜਾ ਤਰਨਤਾਰਨ ਲਗਾਉਣ ਲਈ ਪੁਲਿਸ ਜਬਰ ਕਰਨ ਤੇ ਹਲਕਾ ਵਿਧਾਇਕਾਂ, ਮੰਤਰੀਆਂ, ਰੇਤ ਮਾਫੀਏ ਤੇ ਭ੍ਰਿਸ਼ਟ ਅਫਸਰਸ਼ਾਹੀ ਦੇ ਗਠਜੋੜ ਵੱਲੋਂ ਪੰਜਾਬ ਭਰ ਵਿਚ ਨਾਜਾਇਜ ਰੇਤ ਮਾਈਨਿੰਗ ਕਰਨ ਆਦਿ ਮਸਲਿਆਂ ਨੂੰ ਲੈ ਕੇ 1 ਦਸੰਬਰ ਤੋਂ ਰਾਣਾ ਖੰਡ ਮਿਲ ਅੱਗੇ ਸੂਬਾ ਪੱਧਰੀ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਹੈ।
ਜੇਕਰ ਪੰਜਾਬ ਸਰਕਾਰ ਵੱਲੋਂ ਮਸਲਿਆਂ ਦਾ ਹੱਲ ਨਾ ਕੀਤਾ ਗਿਆ ਤਾਂ 3 ਦਸੰਬਰ ਨੂੰ ਰੇਲਾਂ ਦਾ ਚੱਕਾ ਜਾਮ ਕਰਨ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ ਇਕ ਪਾਸੇ 1 ਸਾਲ ਬੀਤ ਜਾਣ ਦੇ ਬਾਵਜੂਦ ਵੀ ਗੰਨੇ ਦਾ ਸਹਿਕਾਰੀ ਤੇ ਨਿੱਜੀ ਖੰਡ ਮਿੱਲਾਂ ਵੱਲੋਂ ਸੈਂਕੜੇ ਕਰੋੜ ਦਾ ਬਕਾਇਆ ਨਹੀਂ ਦਿੱਤਾ ਜਾ ਰਿਹਾ, ਦੂਜੇ ਪਾਸੇ ਕਿਸਾਨਾਂ ਵੱਲੋਂ ਆਪਣੇ ਗੰਨੇ ਦੇ ਪੈਸੇ ਵਿਆਜ ਸਮੇਤ ਮੰਗਣ ਨੂੰ ਅਪਰਾਧ ਸਮਝਿਆ ਜਾ ਰਿਹਾ ਹੈ। ਬੁੱਟਰ ਖੰਡ ਮਿੱਲ ਦਾ ਮਾਲਕ ਕਿਸਾਨਾਂ ਨੂੰ ਸ਼ਰੇਆਮ ਧਮਕੀ ਦਿੰਦਾ ਹੈ ਕਿ ਮੈਂ ਗੰਨੇ ਦਾ ਗੈਰ ਕਾਨੂੰਨੀ ਕੱਟ ਵੀ ਲਗਾਵਾਂਗਾ ਤੇ ਵੱਧ ਵੀ ਤੋਲਾਂਗਾ ਤੇ ਕਿਸਾਨ ਨੂੰ ਕੁਸਕਣ ਵੀ ਨਹੀਂ ਦੇਵਾਂਗਾ।
ਇਸ ਤਰ੍ਹਾਂ ਕਰਜਾਈ ਕਿਸਾਨ ਨੂੰ ਵੱਡੇ ਪੱਧਰ ‘ਤੇ ਨੋਟਿਸ ਆ ਰਹੇ ਹਨ ਤੇ ਬੈਂਕਾਂ ਤੇ ਆੜਤੀਏ ਅਦਾਲਤਾਂ ਰਾਹੀਂ ਕਿਸਾਨਾਂ ਦੀਆਂ ਜ਼ਮੀਨਾਂ ਕੁਰਕ ਕਰਵਾ ਰਹੇ ਹਨ। ਪਰਾਲੀ, ਪਰਾਲੀ ਦੀ ਸੰਭਾਲ ਕਿਸਾਨਾਂ ਨੂੰ ਕੋਈ ਮੁਆਵਜ਼ਾ ਦੇਣ ਦੀ ਥਾਂ ‘ਤੇ ਬੇਲੋੜੀਆਂ ਸ਼ਰਤਾਂ ਲਗਾ ਕੇ ਜੁਰਮਾਨੇ ਤੇ ਪਰਚੇ ਕੀਤੇ ਜਾ ਰਹੇ ਹਨ। ਪੰਜਾਬ ਭਰ ਵਿਚ ਉਪਰ ਤੋਂ ਲੈ ਕੇ ਹੇਠਾਂ ਤੱਕ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ, ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਵਿਚ ਪੰਜਾਬ ਤੇ ਕੇਂਦਰ ਸਰਕਾਰ ਖਿਲਾਫ ਗੁੱਸਾ ਪਾਇਆ ਜਾ ਰਿਹਾ ਹੈ। ਇਸ ਲਈ ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਪੰਜਾਬ ਭਰ ਦੇ ਕਿਰਤੀ ਲੋਕਾਂ ਨੂੰ ਪੁਰਜ਼ੋਰ ਅਪੀਲ ਹੈ ਕਿ ਮਸਲਿਆਂ ਦੇ ਹੱਲ ਲਈ ਇਸ ਸੂਬਾ ਪੱਧਰੀ ਸੰਘਰਸ਼ ਵਿਚ ਵੱਡੇ ਪੱਧਰ ‘ਤੇ ਪਰਿਵਾਰਾਂ ਸਮੇਤ ਸ਼ਾਮਲ ਹੋਵੇ, ਹੋਰ ਕੋਈ ਰਾਹ ਨਹੀਂ ਹੈ।