ਲੁਧਿਆਣਾ, 11 ਸਤੰਬਰ
(ਹੇਮਰਾਜ, ਨਰੇਸ਼ ਕੁਮਾਰ)
ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ (ਐਨ.ਐੱਫ.ਐੱਸ.ਏ.) ਦੇ ਤਹਿਤ ਰਜਿਸਟਰਡ ਪਰਿਵਾਰਾਂ ਨੂੰ ਪੂਰੀ ਪਾਰਦਰਸ਼ਤਾ ਦੇ ਨਾਲ ਰਾਸ਼ਣ ਪਹੁੰਚਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਪੱਧਰੀ ਸਮਾਰੋਹ ਤਹਿਤ ਸਥਾਨਕ ਬੱਚਤ ਭਵਨ ਵਿਖੇ ਕੱਲ 11:30 ਵਜੇ ਸਮਾਰਟ ਰਾਸ਼ਨ ਕਾਰਡ ਯੋਜਨਾ ਦੀ ਸ਼ੁਰੂਆਤ ਕਰਨਗੇ। ਕੈਬਨਿਟ ਮੰਤਰੀ ਸ੍ਰੀ ਆਸ਼ੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀਡੀਓ ਕਾਨਫਰੰਸ ਜ਼ਰੀਏ ਲਾਭਪਾਤਰੀਆਂ ਨੂੰ ਇਕੋ ਸਮੇਂ 10 ਸਮਾਰਟ ਰਾਸ਼ਨ ਕਾਰਡ ਵੰਡ ਕੇ ਲੁਧਿਆਣਾ (ਪੱਛਮੀ) ਹਲਕੇ ਲਈ ਯੋਜਨਾ ਦੀ ਸ਼ੁਰੂਆਤ ਕਰਨਗੇ। ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਸਮਾਰਟ ਰਾਸ਼ਨ ਕਾਰਡ ਦੀ ਵਰਤੋਂ ਕਰਕੇ ਲਾਭਪਾਤਰੀ ਬਿਨਾਂ ਕਿਸੇ ਵਾਧੂ ਦਸਤਾਵੇਜ਼ਾਂ ਨੂੰ ਨਾਲ ਲਿਆਏ ਵਗੈਰ ਈ-ਪੋਜ ਮਸ਼ੀਨ ਰਾਹੀਂ ਸਰਕਾਰੀ ਡਿਪੂਆਂ ਤੋਂ ਅਨਾਜ ਲੈ ਸਕਦੇ ਹਨ। ਸਮਾਰਟ ਰਾਸ਼ਨ ਕਾਰਡ ਪਰਿਵਾਰ ਦੇ ਵੇਰਵੇ ਹਾਸਲ ਕਰਨ ਲਈ ਈ-ਪੋਜ਼ ਮਸ਼ੀਨ ‘ਤੇ ਸਵਾਇਪ ਕੀਤਾ ਜਾਵੇਗਾ ਜਿਸ ਤੋਂ ਬਾਅਦ ਪਰਿਵਾਰ ਦੇ ਮੈਂਬਰ ਦੀ ਬਾਇਓ-ਮੈਟ੍ਰਿਕ ਪ੍ਰਮਾਣਿਕਤਾ ਅਨਾਜ ਦੇਣ ਲਈ ਕੀਤੀ ਜਾਵੇਗੀ, ੳਨ੍ਹਾਂ ਕਿਹਾ ਕਿ ਇਹ ਕਾਰਡ ਸੂਬੇ ਦੇ ਕਿਸੇ ਵੀ ਡਿਪੂ ਤੇ ਵਰਤੇ ਜਾ ਸਕਦੇ ਹਨ। ਉਨ੍ਹਾਂ ਸਮਾਰਟ ਰਾਸ਼ਨ ਕਾਰਡ ਦੀ ਸੁਰੱਖਿਆ ਅਤੇ ਵਿਸ਼ੇਸ਼ਤਾਵਾਂ ਬਾਰੇ ਦੱਸਦਿਆਂ ਕਿਹਾ ਕਿ ਚਿੱਪ ਵਿੱਚ ਏਕੀਕ੍ਰਿਤ ਲਾਭਪਾਤਰੀਆਂ ਦੇ ਵੇਰਵਿਆਂ ਨੂੰ ਲਾਕ ਕਰ ਦਿੱਤਾ ਗਿਆ ਹੈ ਜੋ ਕਿ ਪ੍ਰਮਾਣਿਤ ਯੰਤਰਾਂ ਤੋਂ ਹੀ ਪੜ੍ਹੇ ਜਾਣਗੇ। ਫਾਈਲ ਦਾ ਢਾਂਚਾ ਇਸ ਤਰੀਕੇ ਨਾਲ ਡਿਜ਼ਾਇਨ ਕੀਤਾ ਗਿਆ ਹੈ ਕਿ ਇਹ ਸਿਰਫ ਪ੍ਰਮਾਣਿਤ ਈ-ਪੋਜ ਮਸ਼ੀਨਾਂ ਦੁਆਰਾ ਹੀ ਚਲਾਇਆ ਜਾ ਸਕੇਗਾ। ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਵੀ ਲੁਧਿਆਣਾ ਵਿੱਚ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਣਗੇ। ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰੀ ਸਮਾਗਮ ਤੋਂ ਇਲਾਵਾ ਵਿਧਾਇਕ ਅਤੇ ਐਸ.ਡੀ.ਐਮਜ਼ ਬਾਕੀ 12 ਵਿਧਾਨ ਸਭਾ ਹਲਕਿਆਂ ਵਿਚ ਆਪਣੇ-ਆਪਣੇ ਹਲਕਿਆਂ ਦੇ 10 ਲਾਭਪਾਤਰੀਆਂ ਨੂੰ ਕਾਰਡ ਵੰਡ ਕੇ ਇਸ ਸਕੀਮ ਦੀ ਸ਼ੁਰੂਆਤ ਕਰਨਗੇ। ਜ਼ਿਕਰਯੋਗ ਹੈ ਕਿ ਇਨ੍ਹਾਂ ਸਮਾਗਮਾਂ ਦੇ ਆਯੋਜਨ ਲਈ ਹਲਕਾ ਆਤਮ ਨਗਰ ਅਧੀਨ ਸੀ.ਸੀ. ਸਿਟੀਜ਼ਨ ਹੋਮ ਨੇੜੇ ਦੁੱਗਰੀ ਚੌਕ ਲੁਧਿਅਣਾ ਵਿਖੇ ਸ੍ਰੀ ਕਮਲਜੀਤ ਸਿੰਘ ਕੜਵਲ, ਹਲਕਾ ਦੱਖਣੀ ਅਧੀਨ ਕਮਿਊਨਿਟੀ ਹਾਲ, ਗੁਰੁਦੁਆਰਾ ਸਾਹਿਬ ਮਾਤਾ ਗੁਜਰੀ, ਪ੍ਰੀਤ ਨਗਰ, ਨਿਊ ਸ਼ਿਮਲਾਪੁਰੀ ਵਿਖੇ ਸ੍ਰੀ ਅੰਕਿਤ ਬਾਂਸਲ, ਹਲਕਾ ਪੂਰਬੀ ਅਧੀਨ ਟਹਿਲ ਦਾਸ ਗੁਰੁਦੁਆਰਾ ਸਾਹਿਬ ਪੀਰੂ ਮੁਹੱਲਾ, ਸਲੇਮ ਟਾਬਰੀ ਵਿਖੇ ਸ੍ਰੀ ਰਾਕੇਸ਼ ਪਾਂਡੇ, ਹਲਕਾ ਸੈਂਟਰਲ ਅਧੀਨ ਰਾਮ ਪਿਆਰੀ ਧਰਮਸ਼ਾਲਾ, ਹਰਚਰਨ ਨਗਰ, ਗਲੀ ਨੰਬਰ 5, ਨੇੜੇ ਨਗਰ ਨਿਗਮ ਬਿਲਡਿੰਗ, ਜ਼ੋਨ-ਬੀ ਵਿਖੇ ਸ੍ਰੀ ਸੁਰਿੰਦਰ ਕੁਮਾਰ ਡਾਬਰ, ਹਲਕਾ ਪੂਰਬੀ ਅਧੀਨ ਗਲਾਡਾ ਕਮਿਊਨਿਟੀ ਸੈਂਟਰ, ਸੈਕਟਰ 39-ਏ, ਨੇੜੇ ਐਵਰੈਸਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ੍ਰੀ ਸੰਜੇ ਤਲਵਾੜ, ਹਲਕਾ ਗਿੱਲ ਅਧੀਨ ਸਰਕਾਰੀ ਸਕੂਲ ਪਿੰਡ ਗਿੱਲ ਵਿਖੇ ਸ੍ਰੀ ਕੁਲਦੀਪ ਸਿੰਘ ਵੈਦ, ਹਲਕਾ ਜਗਰਾਂਓ ਅਧੀਨ ਦਫ਼ਤਰ ਉਪ ਮੰਡਲ ਮੈਜਿਸਟ੍ਰੇਟ ਜਗਰਾਂਓ ਵਿਖੇ ਸ੍ਰੀ ਮਲਕੀਤ ਸਿੰਘ ਦਾਖਾ, ਹਲਕਾ ਰਾਏਕੋਟ ਅਧੀਨ ਮੀਟਿੰਗ ਹਾਲ ਦਫ਼ਤਰ ਉਪ ਮੰਡਲ ਮੈਜਿਸਟ੍ਰੇਟ ਰਾਏਕੋਟ ਵਿਖੇ ਡਾ. ਅਮਰ ਸਿੰਘ, ਹਲਕਾ ਖੰਨਾ ਅਧੀਨ ਮਾਰਕੀਟ ਕਮੇਟੀ ਖੰਨਾ ਵਿਖੇ ਸ੍ਰੀ ਗੁਰਕੀਰਤ ਸਿੰਘ ਕੋਟਲੀ, ਹਲਕਾ ਸਮਰਾਲਾ ਅਧੀਨ ਦਫ਼ਤਰ ਉਪ ਮੰਡਲ ਮੈਜਿਸਟ੍ਰੇਟ ਸਮਰਾਲਾ ਵਿਖੇ ਸ੍ਰੀ ਅਮਰੀਕ ਸਿੰਘ ਢਿੱਲੋਂ, ਹਲਕਾ ਸਾਹਨੇਵਾਲ ਅਧੀਨ ਗੁਰੁਦੁਆਰਾ ਸਾਹਿਬ ਪਿੰਡ ਕੂਮ ਖੁਰਦ ਵਿਖੇ ਸ੍ਰੀਮਤੀ ਸਤਵਿੰਦਰ ਬਿੱਟੀ, ਹਲਕਾ ਪਾਇਲ ਅਧੀਨ ਗੁਰੁਦੁਆਰਾ ਸਾਹਿਬ ਪਿੰਡ ਬਰਮਾਲੀਪੁਰ ਵਿਖੇ ਸ੍ਰੀ ਲੱਖਵੀਰ ਸਿੰਘ ਲੱਖਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।