ਫਗਵਾੜਾ 29 ਅਪ੍ਰੈਲ ( ਅਜੈ ਕੋਛੜ )

ਬਲਾਕ ਕਾਂਗਰਸ ਫਗਵਾੜਾ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਸਮੂਹ ਫਗਵਾੜਾ ਵਾਸੀਆਂ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਕੋਵਿਡ-19 ਕੋਰੋਨਾ ਵਾਇਰਸ ਵਰਗੀ ਆਫਤ ਦੇ ਸਮੇਂ ਵਿਚ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਤੋਂ ਪੰਜਾਬ ਦਾ ਹੱਕ ਮੰਗਣ ਲਈ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ਅਨੁਸਾਰ 1 ਮਈ ਨੂੰ ਆਪਣੇ ਘਰਾਂ ਦੀਆਂ ਛਤਾਂ ‘ਤੇ ਤਿਰੰਗਾ ਝੰਡਾ ਚੁੱਕ ਕੇ ਆਪਸੀ ਇਕਜੁਟਤਾ ਦਾ ਵਿਖਾਵਾ ਕਰਦਿਆਂ ਪੰਜਾਬ ਦੇ ਹੱਕ ਵਿਚ ਆਵਾਜ ਬੁਲੰਦ ਕੀਤੀ ਜਾਵੇ। ਉਹਨਾਂ ਕਿਹਾ ਕਿ ਪੰਜਾਬ ਨੂੰ ਲਾਕਡਾਉਨ ਦੌਰਾਨ ਇਕ ਮਹੀਨੇ ਵਿਚ 3360 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਅਜਿਹੇ ਹਾਲਾਤ ਬਣੇ ਰਹੇ ਤਾਂ ਪੰਜਾਬ ਨੂੰ ਇਕ ਸਾਲ ਵਿਚ ਕਰੀਬ ਪੰਜਾਹ ਹਜਾਰ ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਵੇਗਾ। ਪੰਜਾਬ ਸਰਕਾਰ ਨੇ ਕੇਂਦਰ ਤੋਂ 20 ਹਜਾਰ ਕਰੋੜ ਰੁਪਏ ਦਾ ਪੈਕੇਜ ਮੰਗਿਆ ਹੈ ਲੇਕਿਨ ਮੋਦੀ ਸਰਕਾਰ ਉਨਾਂ ਰਾਜਾਂ ਨਾਲ ਵਿਤਕਰਾ ਕਰ ਰਹੀ ਹੈ ਜਿੱਥੇ ਗੈਰ ਭਾਜਪਾ ਸਰਕਾਰਾਂ ਸੱਤਾ ਵਿਚ ਹਨ। ਦਲਜੀਤ ਰਾਜੂ ਨੇ ਕਿਹਾ ਕਿ ਕੋਰੋਨਾ ਆਫਤ ਦੌਰਾਨ ਕੇਂਦਰ ਨੇ ਪੰਜਾਬ ਨੂੰ ਬਿਲਕੁਲ ਅੱਖੋਂ-ਪਰੋਖੇ ਰੱਖਿਆ ਹੈ ਜਦਕਿ ਪੰਜਾਬ ਭਾਰਤ ਦਾ ਸਰਹੱਦੀ ਸੂਬਾ ਅਤੇ ਅਟੁੱਟ ਅੰਗ ਹੈ। ਪੰਜਾਬ ਨਾਲ ਕੇਂਦਰ ਦੀ ਸਰਕਾਰ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਕਰ ਸਕਦੀ। ਉਹਨਾਂ ਸਮੂਹ ਫਗਵਾੜਾ ਵਾਸੀਆਂ ਨੂੰ ਪੁਰਜੋਰ ਅਪੀਲ ਕੀਤੀ ਕਿ ਜਿਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜੈਕਾਰੇ ਲਗਾ ਕੇ ਸਮਰਥਨ ਦਿੱਤਾ ਸੀ ਉਸੇ ਤਰ੍ਹਾ 1 ਮਈ ਨੂੰ ਮਜਦੂਰ ਦਿਵਸ ਮੌਕੇ ਤਿਰੰਗੇ ਝੰਡੇ ਚੁੱਕ ਕੇ ਪੰਜਾਬ ਦੀ ਆਵਾਜ ਨੂੰ ਕੇਂਦਰ ਦੇ ਕੰਨਾਂ ਤੱਕ ਪਹੁੰਚਾਇਆ ਜਾਵੇ।