ਫ਼ਗਵਾੜਾ:08 ਮਾਰਚ( ਡਾ ਰਮਨ / ਅਜੇ ਕੋਛੜ)

ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਜ਼ਿਲ੍ਹਾ ਕਪੂਰਥਲਾ ਵਲੋਂ ਅੱਜ
ਫ਼ਗਵਾੜਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਪਰਧਾਨ ਦਲਜੀਤ ਕੌਰ ਮਲਕਪੁਰ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ।
ਇਸ ਸਮੇਂ ਕੌਮਾਂਤਰੀ ਮਹਿਲਾ ਦਿਵਸ ਤੇ ਸੰਬੋਧਨ ਕਰਦਿਆਂ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਦੀ ਸੂਬਾ ਪਰੈੱਸ ਸਕੱਤਰ ਸ਼੍ਰੀਮਤੀ ਅਵਤਾਰ ਕੌਰ ਬਾਸੀ ਨੇ ਕਿਹਾ ਕਿ ਸਾਰੇ ਸੰਸਾਰ ਅੰਦਰ ਅੱਠ ਮਾਰਚ ਦਾ ਦਿਨ ਕੌਮਾਂਤਰੀ ਮਹਿਲਾ ਦਿਵਸ ਵਜੋਂ ਮਨਾਇਆ ਜਾਂਦਾ ਹੈ।ਪਹਿਲੀ ਵਾਰ ਇਹ ਦਿਨ ਸਤਾਰਾਂ ਮਾਰਚ ਉੱਨੀ ਸੌ ਗਿਆਰਾਂ ਨੂੰ ਮਨਾਇਆ ਗਿਆ ਸੀ।ਜਿਸ ਦਾ ਫੈਸਲਾ ਸਤਾਰਾਂ ਦੇਸ਼ਾਂ ਵਿੱਚੋਂ ਪੁੱਜੀਆਂ 100 ਤੋਂ ਵੱਧ ਔਰਤ ਪ੍ਰਤੀਨਿਧਾਂ ਨੇ ਅਗੱਸਤ 1910 ਵਿੱਚ ਕੋਪਨਹੇਗਨ( ਡੈਨਮਾਰਕ) ਵਿਖੇ ਕੌਮਾਂਤਰੀ ਕਾਨਫਰੰਸ ਵਿੱਚ ਕੀਤਾ।ਅੱਜ ਜਦੋਂ ਇਹ ਦਿਨ ਮਨਾਉਂਦਿਆਂ 110 ਸਾਲ ਹੋ ਗਏ ਹਨ। ਮੌਜੂਦਾ ਹਾਕਮਾਂ ਵਲੋਂ ਭਰੂਣ ਹੱਤਿਆ, ਦਹੇਜ ਪ੍ਰਥਾ, ਜਿਨਸੀ ਛੇੜਛਾੜ, ਬਲਾਤਕਾਰ, ਲਿੰਗਕ ਭੇਦਭਾਵ ਵਿਰੁੱਧ ਲੇਖ,ਸੈਮੀਨਾਰ,ਚੇਤਨਾ ਰੈਲੀਆਂ,ਕਵਿਤਾਵਾਂ ਅਤੇ ਡਰਾਮੇ ਆਦਿ ਹੀ ਨਹੀਂ ਕੀਤੇ ਜਾਂਦੇ ਸਗੋਂ ਇਹਨਾਂ ਨੂੰ ਰੋਕਣ ਹਿੱਤ ਨਵੇਂ ਤੋਂ ਨਵੇਂ ਕਾਨੂੰਨ ਬਣਾਏ ਜਾਂਦੇ ਹਨ।ਗਹਿਰੀ ਚਿੰਤਾ ਪ੍ਰਗਟ ਕਰਦਿਆਂ ਅਵਤਾਰ ਕੌਰ ਬਾਸੀ ਨੇ ਕਿਹਾ ਕਿ ਇੰਨਾ ਕੁੱਝ ਹੋਣ ਦੇ ਬਾਵਜੂਦ ਵੀ ਭਾਰਤ ਵਿੱਚ ਔਰਤਾਂ ਲਈ ਆਲੇ ਦੁਆਲੇ ਸੁਰੱਖਿਅਤ ਮਾਹੌਲ ਨਹੀਂ ਹੈ।ਜਿਸ ਲਈ ਸਮੁੱਚੇ ਭਾਈਚਾਰੇ ਨੂੰ ਅਤੇ ਖ਼ਾਸ ਤੌਰ ਤੇ ਨੌਜਵਾਨਾਂ ਨੂੰ ਔਰਤਾਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਲਈ ਗੰਭੀਰਤਾ ਨਾਲ਼ ਯਤਨ ਆਰੰਭ ਕਰਨੇ ਚਾਹੀਦੇ ਹਨ ਤਾਂ ਜੋ ਔਰਤਾਂ ਨੂੰ ਬਿਨਾ ਕਿਸੇ ਭੇਦ ਭਾਵ ਅਤੇ ਡਰ ਤੋਂ ਹਰ ਸਮੇਂ ਅਜਾਦਾਨਾ ਤੌਰ ਤੇ ਹਰ ਖੇਤਰ ਵਿੱਚ ਵਿਚਰਨ ਦੇ ਖੁੱਲ੍ਹੇ ਮੌਕੇ ਮਿਲ ਸਕਣ।ਇਸ ਸਮੇਂ ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਵੀ ਕੀਤੀ ਕਿ ਕੌਮਾਂਤਰੀ ਮਹਿਲਾ ਦਿਵਸ ਨੂੰ ਸਾਰਥਿਕ ਕਰਨ ਲਈ ਜ਼ਰੂਰੀ ਹੈ ਕਿ ਮਿੱਡ ਡੇ-ਮੀਲ ਵਰਕਰਾਂ ਦੀਆਂ ਜਾਇਜ਼ ਮੰਗਾਂ ਹਰਿਆਣਾ ਪੈਟਰਨ ਤੇ 3500/–ਰੁਪਏ ਮਹੀਨਾ ਪੂਰੇ ਸਾਲ ਲਈ ਦਿੱਤਾ ਜਾਵੇ,ਕੰਮ ਤੋਂ ਹਟਾਉਣ ਦੇ ਡਰਾਵੇ ਦੇ ਕੇ ਮਿੱਡ ਡੇ-ਮੀਲ ਤੋਂ ਬਿਨਾਂ ਹੋਰ ਜ਼ਬਰੀ ਕੰਮ ਲੈਣੇ ਬੰਦ ਕੀਤੇ ਜਾਣ, ਬਣਦਾ ਮਿਹਨਤਾਨਾ ਸਿੱਧਾ ਵਰਕਰਾਂ ਦੇ ਬੈਂਕ ਖਾਤੇ ਵਿੱਚ ਭੇਜਿਆ ਜਾਵੇ, ਹਰ ਵਰਕਰ ਦਾ ਪੰਜ ਲੱਖ ਦਾ ਬੀਮਾ ਮੁਫ਼ਤ ਕੀਤਾ ਜਾਵੇ, ਸਾਲ ਦੌਰਾਨ ਗਰਮ ਅਤੇ ਠੰਡੀ ਵਰਦੀ ਦਿੱਤੀ ਜਾਵੇ ਆਦਿ ਨੂੰ ਤੁਰੰਤ ਲਾਗੂ ਕੀਤਾ ਜਾਵੇ ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਦੀ ਸੂਬਾ ਕਮੇਟੀ ਮੈਂਬਰ ਸੁਰਿੰਦਰ ਕੌਰ ਸਹੋਤਾ, ਕੁਲਵਿੰਦਰ ਕੌਰ, ਕਰਿਸ਼ਨਾ ਪਰਭਾ ,ਸਵੀਟੀ ਤੱਖਰ, ਕੁਲਦੀਪ ਕੌਰ,ਜਸਵਿੰਦਰ ਕੌਰ, ਭਰਾਤਰੀ ਤੌਰ ਤੇ ਪ.ਸ.ਸ.ਫ.ਦੇ ਸੂਬਾ ਜਨਰਲ ਸਕੱਤਰ ਸਾਥੀ ਤੀਰਥ ਸਿੰਘ ਬਾਸੀ, ਕੁਲਦੀਪ ਸਿੰਘ ਕੌੜਾ, ਹਰੀ ਬਿਲਾਸ, ਰਾਜਿੰਦਰ ਥਾਪਰ, ਨਿਰਮੋਲਕ ਸਿੰਘ ਹੀਰਾ ਆਦਿ ਨੇ ਵੀ ਸੰਬੋਧਨ ਕੀਤਾ ।