ਫਗਵਾੜਾ (ਡਾ ਰਮਨ /ਅਜੇ ਕੋਛੜ)
ਪੰਜਾਬ ਸਰਕਾਰ ਵੱਲੋਂ ‘ਐਪੀਡੈਮਿਕ ਡਿਸੀਜ਼ਜ਼ ਐਕਟ 1897’ ਤਹਿਤ ਆਮ ਲੋਕਾਂ ਨੂੰ ਕੋਵਿਡ-19 (ਕੋਰੋਨਾ ਵਾਇਰਸ) ਦੇ ਮਾੜੇ ਪ੍ਰਭਾਵ ਤੋਂ ਬਚਾਉਣ ਲਈ ਦਿੱਤੇ ਗਏ ਆਦੇਸ਼ਾਂ ਦੀ ਪਾਲਣਾ ਵਿਚ ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਲੋਕ ਹਿੱਤਾਂ ਨੂੰ ਮੁੱਖ ਰੱਖਦਿਆਂ ਕੋਵਿਡ-19 (ਕੋਰੋਨਾ ਵਾਇਰਸ) ਦੇ ਪ੍ਰਭਾਵ ਨੂੰ ਰੋਕਣ ਲਈ ਜ਼ਿਲਾ ਕਪੂਰਥਲਾ ਵਿਚ ਪੈਂਦੇ ਸਾਰੇ ਮੈਰਿਜ ਪੈਲੇਸਾਂ ਅਤੇ ਬੈਂਕੁਐਟ ਹਾਲਾਂ ਨੂੰ ਬੰਦ ਕਰਨ ਅਤੇ ਹੋਟਲਾਂ ਅਤੇ ਰੈਸਟੋਰੈਂਟਾਂ ਵਿਚ ‘ਸਿਟ ਇਨ ਡਾਇਨਿੰਗ’ ਦੀ ਸੁਵਿਧਾ ’ਤੇ ਅਗਲੇ ਹੁਕਮਾਂ ਤੱਕ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਇਸ ਦੌਰਾਨ ਕੇਵਲ ‘ਹੋਮ ਡਿਲੀਵਰੀ ਐਂਡ ਟੇਕ ਅਵੇ’ ਜਾਰੀ ਰਹੇਗਾ। ਇਸੇ ਤਰਾਂ ਜ਼ਿਲੇ ਵਿਚ ਕਿਸੇ ਵੀ ਤਰਾਂ ਦੇ ਸਮਾਗਮਾਂ ਦੌਰਾਨ 20 ਤੋਂ ਵੱਧ ਵਿਅਕਤੀਆਂ ਦੇ ਇਕ ਜਗਾ ’ਤੇ ਇਕੱਠੇ ਹੋਣ ’ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜ਼ਿਆਦਾ ਵਰਕਰਾਂ ਵਾਲੀਆਂ ਫੈਕਟਰੀਆਂ ਵਿਚ ਵਰਕਰਾਂ ਵਿਚਾਲੇ ਘੱਟੋ-ਘੱਟ ਇਕ ਮੀਟਰ ਦੀ ਦੂਰੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।