*ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵੱਲੋਂ ਜ਼ਿਲਾ ਕਰਜ਼ਾ ਯੋਜਨਾ ਦਾ ਕਿਤਾਬਚਾ ਜਾਰੀ
*ਜ਼ਿਲਾ ਬੈਂਕ ਸਲਾਹਕਾਰ ਕਮੇਟੀ ਦੀ ਮੀਟਿੰਗ ਦੌਰਾਨ ਬੈਂਕਾਂ ਨੂੰ ਵੱਖ-ਵੱਖ ਹਦਾਇਤਾਂ ਜਾਰੀ
ਫਗਵਾੜਾ (ਡਾ ਰਮਨ )
ਜ਼ਿਲਾ ਬੈਂਕ ਸਲਾਹਕਾਰ ਕਮੇਟੀ ਦੀ ਅਹਿਮ ਮੀਟਿੰਗ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ ਆਂਗਰਾ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਸਾਲ 2020-21 ਲਈ 7418.74 ਕਰੋੜ ਰੁਪਏ ਦੀ ਜ਼ਿਲਾ ਕਰਜ਼ਾ ਯੋਜਨਾ ਦਾ ਕਿਤਾਬਚਾ ਜਾਰੀ ਕੀਤਾ ਗਿਆ ਅਤੇ ਪਿਛਲੀ ਤਿਮਾਹੀ ਦੌਰਾਨ ਬੈਂਕਾਂ ਦੀ ਕਾਰਗੁਜ਼ਾਰੀ ਦਾ ਲੇਖਾ-ਜੋਖਾ ਕੀਤਾ ਗਿਆ। ਸ੍ਰੀ ਆਂਗਰਾ ਨੇ ਇਸ ਮੌਕੇ ਦੱਸਿਆ ਕਿ ਇਸ ਵਿੱਤੀ ਵਰੇ ਵਿਚ ਪਿਛਲੇ ਸਾਲ ਨਾਲੋਂ 1.82 ਫੀਸਦੀ ਵੱਧ ਕਰਜ਼ੇ ਦੇਣ ਦਾ ਟੀਚਾ ਰੱਖਿਆ ਗਿਆ ਹੈ। ਉਨਾਂ ਦੱਸਿਆ ਕਿ ਪਿਛਲੇ ਸਾਲ ਇਹ ਯੋਜਨਾ 7286.48 ਕਰੋੜ ਰੁਪਏ ਸੀ। ਉਨਾਂ ਦੱਸਿਆ ਕਿ ਇਸ ਸਾਲ ਦੀ ਯੋਜਨਾ ਵਿਚ ਖੇਤੀਬਾੜੀ ਸੈਕਟਰ ਲਈ 4336.80 ਕਰੋੜ, ਗੈਰ ਖੇਤੀ ਧੰਦਿਆਂ ਲਈ 1537.60 ਕਰੋੜ, ਹੋਰ ਤਰਜੀਹੀ ਖੇਤਰ ਲਈ 1100 ਕਰੋੜ ਅਤੇ ਗੈਰ ਤਰਜੀਹੀ ਖੇਤਰ ਲਈ 444.34 ਕਰੋੜ ਰੁਪਏ ਦੇ ਕਰਜ਼ੇ ਦੇਣ ਦਾ ਟੀਚਾ ਰੱਖਿਆ ਗਿਆ ਹੈ।
ਸ੍ਰੀ ਐਸ. ਪੀ. ਆਂਗਰਾ ਨੇ ਇਸ ਦੌਰਾਨ ਜ਼ਿਲੇ ਦੀਆਂ ਸਾਰੀਆਂ ਬੈਂਕਾਂ ਨੂੰ ਹਦਾਇਤ ਕੀਤੀ ਕਿ ਉਹ ਮਿੱਥੇ ਟੀਚਿਆਂ ਨੂੰ ਪੂਰਾ ਕਰਨ ਲਈ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰਨ ਤਾਂ ਜੋ ਵੱਖ-ਵੱਖ ਖੇਤਰਾਂ ਵਿਚ ਇਹ ਕਰਜ਼ੇ ਦੇ ਕੇ ਖੇਤੀਬਾੜੀ, ਉਦਯੋਗ, ਘਰੇਲੂ ਇਕਾਈਆਂ ਅਤੇ ਗਰੀਬ ਲੋਕਾਂ ਦਾ ਜੀਵਨ ਪੱਧਰ ਹੋਰ ਉੱਚਾ ਕੀਤਾ ਜਾ ਸਕੇ। ਉਨਾਂ ਇਹ ਵੀ ਹਦਾਇਤ ਕੀਤੀ ਕਿ ਉਹ ਸਵੈ-ਰੁਜ਼ਗਾਰ ਸਕੀਮਾਂ ਅਧੀਨ ਬੈਂਕਾਂ ਵਿਚ ਆਏ ਕੇਸਾਂ ਨੂੰ ਜਲਦ ਤੋਂ ਜਲਦ ਨਿਪਟਾਉਣ ਨੂੰ ਯਕੀਨੀ ਬਣਾਉਣ ਤਾਂ ਜੋ ਬੇਰੁਜ਼ਗਾਰ ਨੌਜਵਾਨ ਬੈਂਕਾਂ ਤੋਂ ਛੇਤੀ ਕਰਜ਼ੇ ਪ੍ਰਾਪਤ ਕਰਕੇ ਆਪਣੇ ਕਾਰੋਬਾਰ ਸ਼ੁਰੂ ਕਰ ਸਕਣ। ਉਨਾਂ ਦੱਸਿਆ ਕਿ ਬੈਂਕਾਂ ਵੱਲੋਂ 1 ਜੂਨ 2020 ਤੋਂ 31 ਜੁਲਾਈ 2020 ਤੱਕ ਡੇਅਰੀ, ਪਸ਼ੂ ਪਾਲਣ ਅਤੇ ਮੱਛੀ ਪਾਲਣ ਦੇ ਕਿੱਤੇ ਲਈ ਵੱਧ ਤੋਂ ਵੱਧ ਕਰਜ਼ੇ ਮੁਹੱਈਆ ਕਰਵਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਉਨਾਂ ਜ਼ਿਲੇ ਦੇ ਸਮੂਹ ਬੈਂਕਾਂ ਨੂੰ ਹਦਾਇਤ ਕੀਤੀ ਕਿ ਉਹ ਇਸ ਮੁਹਿੰਮ ਤਹਿਤ ਵੱਧ ਤੋਂ ਵੱਧ ਕਰਜ਼ੇ ਮੁਹੱਈਆ ਕਰਵਾਉਣ। ਇਸ ਮੌਕੇ ਉਨਾਂ ਬੀਤੀ ਤਿਮਾਹੀ ਦੌਰਾਨ ਜ਼ਿਲੇ ਦੀਆਂ ਬੈਂਕਾਂ ਦੇ ਕੰਮਕਾਜ਼ ਦੀ ਸਮੀਖਿਆ ਕੀਤੀ ਅਤੇ ਬੈਂਕਾਂ ਨੂੰ ਵੱਖ-ਵੱਖ ਹਦਾਇਤਾਂ ਜਾਰੀ ਕੀਤੀਆਂ। ਇਸ ਦੌਰਾਨ ਉਨਾਂ ਪੀ. ਐਨ. ਬੀ ਪੇਂਡੂ ਸਵੈ ਰੁਜ਼ਗਾਰ ਟ੍ਰੇਨਿੰਗ ਸੰਸਥਾਨ ਅਤੇ ‘ਨਬਾਰਡ’ ਦੇ ਕੰਮਕਾਜ਼ ਦਾ ਵੀ ਜਾਇਜ਼ਾ ਲਿਆ।
ਇਸ ਮੌਕੇ ਪੀ. ਐਨ. ਬੀ ਦੇ ਡਿਪਟੀ ਸਰਕਲ ਹੈੱਡ ਸ੍ਰੀ ਦੇਬਾਸ਼ਿਸ਼ ਚਕਰਬੋਰਤੀ, ਚੀਫ ਐਲ. ਡੀ. ਐਮ ਸ੍ਰੀ ਡੀ. ਐਲ ਭੱਲਾ, ਡੀ. ਡੀ. ਐਮ ਨਬਾਰਡ ਸ੍ਰੀ ਰਾਕੇਸ਼ ਵਰਮਾ, ਡਾਇਰੈਕਟਰ ਆਰ. ਸੇਟੀ ਸ੍ਰੀ ਪਰਮਜੀਤ ਸਿੰਘ, ਮੁੱਖ ਕਾਰਜਕਾਰੀ ਅਫ਼ਸਰ ਮੱਛੀ ਪਾਲਕ ਵਿਕਾਸ ਏਜੰਸੀ ਸ. ਐਚ. ਐਸ ਬਾਵਾ, ਡਿਪਟੀ ਡਾਇਰੈਕਟਰ ਡੇਅਰੀ ਸ੍ਰੀ ਬਲਵਿੰਦਰ ਜੀਤ ਅਤੇ ਸ੍ਰੀ ਰਜਨੀਸ਼ ਕਾਂਤ ਤੋਂ ਇਲਾਵਾ ਵੱਖ-ਵੱਖ ਬੈਂਕਾਂ ਦੇ ਅਧਿਕਾਰੀ ਹਾਜ਼ਰ ਸਨ।