ਫਗਵਾੜਾ (ਡਾ ਰਮਨ)
ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿੳੂਰੋ ਕਪੂਰਥਲਾ ਵੱਲੋਂ ਪੰਜਾਬ ਸਰਕਾਰ ਦੇ ‘ਘਰ-ਘਰ ਰੋਜ਼ਗਾਰ ਮਿਸ਼ਨ’ ਤਹਿਤ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਕਡਾੳੂਨ ਹੋਣ ਕਰਕੇ ਈ-ਲਾਇਬ੍ਰੇਰੀ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਇਹ ਈ-ਲਾਇਬ੍ਰੇਰੀ ਲਾਕਡਾੳੂਨ ਸਮੇਂ ਦੌਰਾਨ ਬੇਰੋਜ਼ਗਾਰ ਨੌਜਵਾਨਾਂ ਨੂੰ ਆਪਣਾ ਭਵਿੱਖ ਸੰਵਾਰਨ ਵਿਚ ਮਦਦਗਾਰ ਸਾਬਿਤ ਹੋਵੇਗੀ। ਉਨਾਂ ਦੱਸਿਆ ਕਿ ਲਾਕਡਾੳੂਨ ਦੌਰਾਨ ਸਾਰੇ ਸਕੂਲ, ਕਾਲਜ ਅਤੇ ਕੋਚਿੰਗ ਸੈਂਟਰ ਬੰਦ ਹੋਣ ਕਾਰਨ ਨੌਜਵਾਨ ਘਰ ਵਿਚ ਬੈਠ ਕੇ ਹੀ ਹੁਣ ਈ-ਲਾਇਬ੍ਰੇਰੀ ਰਾਹੀਂ ਦੁਨੀਆ ਵਿਚ ਹੋ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਲ ਕਰ ਕੇ ਆਪਣੇ ਗਿਆਨ ਵਿਚ ਵਾਧਾ ਕਰ ਸਕਦੇ ਹਨ। ਉਨਾਂ ਦੱਸਿਆ ਕਿ ਈ-ਲਾਇਬ੍ਰੇਰੀ ਵਿਚ ਰੋਜ਼ਾਨਾ ਅਖ਼ਬਾਰਾਂ, ਹਫ਼ਤਾਵਾਰੀ ਰੋਜ਼ਗਾਰ ਸਮਾਚਾਰ ਅਤੇ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਲਈ ਲੋੜੀਂਦੇ ਮੈਗਜ਼ੀਨ ਅਤੇ ਹੋਰ ਜ਼ਰੂਰੀ ਸਮੱਗਰੀ ਉਪਲਬੱਧ ਹੈ। ਉਨਾਂ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੇ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਕਰਨ ਲਈ ਈ-ਲਾਇਬ੍ਰੇਰੀ ਦੀ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈਣ। ਉਨਾਂ ਕਿਹਾ ਕਿ ਨੌਜਵਾਨ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਪਲੇਸਮੈਂਟ ਅਫ਼ਸਰ ਸ੍ਰੀ ਅਮਿਤ ਕੁਮਾਰ ਨਾਲ ਮੋਬਾਈਲ ਨੰਬਰ 85917-27775 ਅਤੇ ਕੈਰੀਅਰ ਕਾੳੂਂਸਲਰ ਸ੍ਰੀ ਗੌਰਵ ਕੁਮਾਰ ਨਾਲ 96469-06412 ਉੱਤੇ ਸੰਪਰਕ ਕਰ ਸਕਦੇ ਹਨ।