ਫਗਵਾੜਾ (ਡਾ ਰਮਨ )

ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਰੋਜ਼ਾਨਾ ਰੋਜ਼ਗਾਰ ਸਬੰਧੀ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ, ਜਿਹੜੀਆਂ ਜ਼ਿਲੇ ਦੇ ਨੌਜਵਾਨਾਂ ਲਈ ਲਾਹੇਵੰਦ ਸਿੱਧ ਹੋ ਰਹੀਆਂ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ ਸ੍ਰੀਮਤੀ ਨੀਲਮ ਮਹੇ ਨੇ ਦੱਸਿਆ ਕਿ ਪੜੇ-ਲਿਖੇ ਨੌਜਵਾਨਾਂ ਦਾ ਇਕ ਵਰਗ ਕੇਵਲ ਸਰਕਾਰੀ ਨੌਕਰੀ ਲਈ ਹੀ ਜਾਣਾ ਚਾਹੁੰਦਾ ਹੈ। ਉਨਾਂ ਦੱਸਿਆ ਕਿ ਅਜਿਹੇ ਨੌਜਵਾਨਾਂ ਨੂੰ ਸੇਧ ਦੇਣ ਲਈ ਬਿਊਰੋ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਇਸੇ ਤਹਿਤ ਬਿਊਰੋ ਵੱਲੋਂ ਸਰਕਾਰੀ ਨੌਕਰੀਆਂ ਦੇ ਚਾਹਵਾਨ ਉਮੀਦਵਾਰਾਂ ਲਈ 2 ਵੈਬੀਨਾਰ ਕਰਵਾਏ ਗਏ। ਪਹਿਲੇ ਵੈਬੀਨਾਰ ਵਿਚ ਸਰਕਾਰੀ ਨੌਕਰੀਆਂ ਵਾਸਤੇ ਕਿਵੇਂ ਪੜਾਈ ਕਰਨੀ ਚਾਹੀਦੀ ਹੈ, ਕਿਹੜੀਆਂ ਕਿਤਾਬਾਂ ਚੰਗੀਆਂ ਹਨ ਅਤੇ ਐਪਟੀਚਿਊਟ ਟੈਸਟ ਦੀ ਤਿਆਰੀ ਕਿਵੇਂ ਕਰਨੀ ਹੈ, ਆਦਿ ਬਾਰੇ ਜਾਣਕਾਰੀ ਐਜੂਸਫੀਅਰ ਦੇ ਡਾਇਰੈਕਟਰ ਨਿਪੁੰਨ ਸਿਆਲ ਵੱਲੋਂ ਦਿੱਤੀ ਗਈ। ਉਨਾਂ ਦੱਸਿਆ ਕਿ ਦੂਜੇ ਵੈਬੀਨਾਰ ਵਿਚ ਸਿਵਲ ਸੇਵਾਵਾਂ ਪ੍ਰੀਖਿਆ ਲਈ ਤਿਆਰੀ ਕਰ ਰਹੇ ਨੌਜਵਾਨਾਂ ਨੂੰ ਸਿਵਲ ਸੇਵਾਵਾਂ ਪ੍ਰੀਖਿਆ ਵਿਚ ਵਿਸ਼ਿਆਂ ਦੀ ਚੋਣ ਕਰਨ ਸਬੰਧੀ ਲੇਬਰ ਬਿਊਰੋ ਦੇ ਡਿਪਟੀ ਡਾਇਰੈਕਟਰ ਜਨਰਲ ਭਾਰਤ ਭੂਸ਼ਣ ਵੱਲੋਂ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨਾਂ ਦੱਸਿਆ ਕਿ ਦੋਵਾਂ ਵੈਬੀਨਾਰਾਂ ਵਿਚ 93 ਉਮੀਦਵਾਰਾਂ ਨੇ ਭਾਗ ਲਿਆ। ਉਨਾਂ ਦੱਸਿਆ ਕਿ ਬਿਊਰੋ ਵੱਲੋਂ ਭਵਿੱਖ ਵਿਚ ਵੀ ਅਜਿਹੇ ਵੈਬੀਨਾਰ ਲਗਾਏ ਜਾਂਦੇ ਰਹਿਣਗੇ। ਉਨਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਬਿਊਰੋ ਦੇ ਹੈਲਪ ਲਾਈਨ ਨੰਬਰ 98882-19247 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਸਰਕਾਰੀ ਨੌਕਰੀ ਲਈ ਬਣੇ ਵਟਸਐਪ ਗਰੁੱਪ htpps://bit.ly/govt-exam-prep-dbee-kpt ਨੂੰ ਜੁਆਇੰਨ ਕੀਤਾ ਜਾ ਸਕਦਾ ਹੈ।