*ਅਣ-ਪੱਕੀ ਅਤੇ ਨਮੀ ਵਾਲੀ ਕਣਕ ਦੀ ਕਟਾਈ ਕਰਨ ’ਤੇ ਪਾਬੰਦੀ
*ਰਾਤ 7 ਵਜੇ ਤੋਂ ਸਵੇਰੇ 6 ਵਜੇ ਤੱਕ ਕਟਾਈ ’ਤੇ ਰੋਕ
*ਸਮਾਜਿਕ ਦੂਰੀ ਬਣਾਈ ਰੱਖਣ ਅਤੇ ਫੇਸ ਮਾਸਕ ਤੇ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਦੀ ਹਦਾਇਤ
*ਕਿਸਾਨਾਂ ਨੂੰ ਬੇਵਜਾ ਮੂਵਮੈਂਟ ਤੋਂ ਗੁਰੇਜ਼ ਕਰਨ ਲਈ ਕਿਹਾ

ਫਗਵਾੜਾ (ਡਾ ਰਮਨ)
ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ ਕਿ ਜ਼ਿਲਾ ਕਪੂਰਥਲਾ ਵਿਚ ਸਾਰੇ ਕੰਬਾਇਨ ਮਾਲਕ ਅਣ-ਪੱਕੀ ਅਤੇ ਨਮੀ ਵਾਲੀ ਕਣਕ ਦੀ ਕਟਾਈ ਨਾ ਕਰਨ ਅਤੇ ਕਟਾਈ ਕਰਨ ਸਮੇਂ ਕੰਬਾਇਨਾਂ ਵਿਚ ਉਪਲਬੱਧ ਪੱਖਿਆਂ ਨੂੰ ਚਾਲੂ ਹਾਲਤ ਵਿਚ ਰੱਖਣ। ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਜ਼ਿਲੇ ਵਿਚ ਕਿਸੇ ਵੀ ਸਥਾਨ ਅਤੇ ਕਿਸੇ ਵੀ ਹਾਲਤ ਵਿਚ ਕੰਬਾਇਨ ਮਾਲਕਾਂ ਵੱਲੋਂ ਕਣਕ ਦੀ ਕਟਾਈ ਰਾਤ ਸਮੇਂ 7 ਵਜੇ ਤੋਂ ਸਵੇਰੇ 6 ਵਜੇ ਤੱਕ ਨਾ ਕੀਤੀ ਜਾਵੇ। ਕਿਸਾਨਾਂ ਲਈ ਹਾੜੀ ਦੇ ਸੀਜ਼ਨ ਅਤੇ ਕੋਵਿਡ-19 ਕਾਰਨ ਪੈਦਾ ਹੋਏ ਹਾਲਾਤ ਨੂੰ ਮੁੱਖ ਰੱਖਦਿਆਂ ਸਮਾਜਿਕ ਦੂਰੀ ਘੱਟੋ-ਘੱਟ 2 ਮੀਟਰ ਫਾਸਲਾ ਰੱਖਿਆ ਜਾਵੇ ਅਤੇ ਫੇਸ ਮਾਸਕ ਤੇ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕੀਤੀ ਜਾਵੇ। ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਲੋੜ ਪੈਣ ’ਤੇ ਆਪਣੀ ਜ਼ਰੂਰਤ ਪੂਰੀ ਕਰਨ ਲਈ ਹੀ ਮੂਵਮੈਂਟ ਕੀਤੀ ਜਾਵੇ। ਕਰੋਨਾ ਵਾਇਰਸ ਦੇ ਵੱਧਦੇ ਕੇਸਾਂ ਨੂੰ ਦੇਖਦਿਆਂ ਆਉਣ ਵਾਲਾ ਸਮਾਂ ਸੰਕਟ ਵਾਲਾ ਪ੍ਰਤੀਤ ਹੁੰਦਾ ਹੈ। ਇਹ ਆਪ ਦੀ ਭਲਾਈ ਅਤੇ ਸੁਰੱਖਿਆ ਲਈ ਉਚਿਤ ਹੋਵੇਗਾ ਕਿ ਬੇਲੋੜੀ ਅਤੇ ਬੇਵਜਾ ਮੂਵਮੈਂਟ ਨਾ ਕੀਤੀ ਜਾਵੇ।
ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ-19 (ਕੋਰੋਨਾ ਵਾਇਰਸ) ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਰਾਜ ਵਿਚ ਕਰਫਿੳੂ ਲਾਗੂ ਕੀਤਾ ਹੋਇਆ ਹੈ। ਇਨਾਂ ਹੁਕਮਾਂ ਦੀ ਪਾਲਣਾ ਵਿਚ ਜ਼ਿਲਾ ਕਪੂਰਥਲਾ ਵਿਚ ਵੀ ਕਰਫਿੳੂ ਲਾਗੂ ਕੀਤਾ ਗਿਆ ਹੈ। ਕਣਕ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਇਹ ਧਿਆਨ ਵਿਚ ਆਇਆ ਹੈ ਕਿ ਆਮ ਤੌਰ ’ਤੇ ਕਣਕ ਦੀ ਕਟਾਈ ਕੰਬਾਇਨਾਂ ਨਾਲ ਕੀਤੀ ਜਾਂਦੀ ਹੈ ਅਤੇ ਕੰਬਾਇਨ ਮਾਲਕ ਜਿਮੀਂਦਾਰਾਂ ਨੂੰ ਕਣਕ ਦੀ ਕਟਾਈ ਦੇ ਸਹੀ ਸਮੇਂ ਬਾਰੇ ਜਾਣਕਾਰੀ ਨਹੀਂ ਦਿੰਦੇ। ਜਿਮੀਂਦਾਰਾਂ ਵੱਲਅੋਂ ਜਦੋਂ ਵੀ ਕੰਬਾਇਨ ਉਪਲਬੱਧ ਹੁੰਦੀ ਹੈ, ਉਸ ਸਮੇਂ ਕਣਕ ਦੀ ਕਟਾਈ ਕਰ ਲਈ ਜਾਂਦੀ ਹੈ, ਭਾਵੇਂ ਉਸ ਵੇਲੇ ਰਾਤ ਹੋਵੇ। ਇਸ ਤਰਾਂ ਜਿਮੀਂਦਾਰਾਂ ਵੱਲੋਂ ਅਣ-ਪੱਕੀ ਅਤੇ ਨਮੀ ਵਾਲੀ ਕਣਕ ਦੀ ਕਟਾਈ ਕਰਵਾ ਲਈ ਜਾਂਦੀ ਹੈ। ਅਜਿਹੀ ਕਣਕ ਨੂੰ ਖ਼ਰੀਦਣ ਲਈ ਖ਼ਰੀਦ ਏਜੰਸੀਆਂ ਗੁਰੇਜ਼ ਕਰਦੀਆਂ ਹਨ, ਜਿਸ ਨਾਲ ਜਿਮੀਂਦਾਰਾਂ ਨੂੰ ਔਕੜ ਪੇਸ਼ ਆਉਂਦੀ ਹੈ। ਇਹ ਮਹਿਸੂਸ ਕੀਤਾ ਗਿਆ ਹੈ ਕਿ ਅਜਿਹੀ ਸਥਿਤੀ ’ਤੇ ਅੰਕੁਸ਼ ਲਗਾਉਣ ਲਈ ਫੌਰੀ ਕਾਰਵਾਈ ਕਰਨ ਦੀ ਲੋੜ ਹੈ।