ਫਗਵਾੜਾ (ਡਾ ਰਮਨ /ਅਜੇ ਕੋਛੜ )
ਕੋਵਿਡ-19 ਵਾਇਰਸ ਵੱਲੋਂ ਪੂਰੇ ਵਿਸ਼ਵ ਵਿਚ ਦਹਿਸ਼ਤ ਫੈਲਾਈ ਹੋਈ ਹੈ, ਜਿਸ ਨੂੰ ਸਰਕਾਰ ਵੱਲੋਂ ਵੀ ਮਹਾਂਮਾਰੀ ਘੋਸ਼ਿਤ ਕੀਤਾ ਜਾ ਚੁੱਕਾ ਹੈ ਅਤੇ ਇਸ ਨੇ ਆਪਣੇ ਪੈਰ ਭਾਰਤ ਵਿਚ ਵੀ ਪਸਾਰਨੇ ਸ਼ੁਰੂ ਕਰ ਦਿੱਤੇ ਹਨ, ਜਿਸ ਦੀ ਰੋਕਥਾਮ ਕਰਨੀ ਬਹੁਤ ਜ਼ਰੂਰੀ ਹੋ ਚੁੱਕੀ ਹੈ। ਇਸ ਸਬੰਧੀ ਜ਼ਿਲਾ ਕਪੂਰਥਲਾ ਵਿਚ ਮਿਤੀ 23 ਮਾਰਚ 2020 ਨੂੰ ਕਰਫਿੳੂ ਲਾਗੂ ਕਰਨ ਸਬੰਧੀ ਹੁਕਮ ਜਾਰੀ ਕੀਤੇ ਗਏ ਸਨ। ਅਜਿਹੀ ਸਥਿਤੀ ਵਿਚ ਕਈ ਵਾਰ ਦੇਖਿਆ ਗਿਆ ਹੈ ਕਿ ਫੈਕਟਰੀਆਂ ਦੀ ਲੇਬਰ/ਕਰਮਚਾਰੀ/ਵਰਕਰ ਆਪਸ ਵਿਚ ਇਕੱਠੇ ਹੋ ਜਾਂਦੇ ਹਨ ਅਤੇ ਇਸ ਸਮੇਂ ਉਹ ਸੋਸ਼ਲ ਡਿਸਟੈਂਸ ਆਦਿ ਦਾ ਧਿਆਨ ਨਹੀਂ ਰੱਖਦੇ, ਜਿਸ ਕਾਰਨ ਕੋਵਿਡ-19 ਦੀਆਂ ਹਦਾਇਤਾਂ ਦੀ ਪੂਰਨ ਪਾਲਣਾ ਨਾ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਅਜਿਹੀ ਹਾਲਤ ਵਿਚ ਲੇਬਰ/ਕਰਮਚਾਰੀ/ਵਰਕਰ ਨੂੰ ਇਕ ਜਗਾ, ਹੋਮ ਕੁਆਰਟੀਨ ਕਰਕੇ ਰੱਖੇ ਜਾਣ ਨੂੰ ਮੁੱਖ ਰੱਖਦਿਆਂ ਬੰਦ ਕੀਤੀਆਂ ਗਈਆਂ ਫੈਕਟਰੀਆਂ ਨੂੰ ਚਾਲੂ ਕੀਤਾ ਜਾਣਾ ਜ਼ਰੂਰੀ ਹੈ। ਇਸ ਲਈ ਜ਼ਿਲਾ ਮੈਜਿਸਟਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਭੁੱਪਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਦਾ ਨੰ: 2) ਦੀ ਧਾਰਾ 144 ਅਧੀਨ ਮਿਤੀ 23 ਮਾਰਚ 2020 ਨੂੰ ਜਾਰੀ ਕੀਤੇ ਗਏ ਉਕਤ ਕਰਫਿੳੂ ਦੇ ਆਦੇਸ਼ਾਂ ਵਿਚ ਅੰਸ਼ਿਕ ਸੋਧ ਕਰਦੇ ਹੋਏ ਹੇਠ ਲਿਖੇ ਅਨੁਸਾਰ ਦਰਸਾਈਆਂ ਸ਼ਰਤਾਂ ਨੂੰ ਮੁੱਖ ਰੱਖਦਿਆਂ ਛੋਟ ਦੇਣ ਦੇ ਹੁਕਮ ਜਾਰੀ ਕੀਤੇ ਹਨ। ਹੁਕਮਾਂ ਅਨੁਸਾਰ ਜਿਹੜੀਆਂ ਇੰਡਸਟਰੀਆਂ/ਫੈਕਟਰੀਆਂ ਆਪਣੀ ਯੂਨਿਟ ਚਲਾਉਣ ਦੀਆਂ ਇਛੁੱਕ ਹੋਣ, ਉਹ ਆਪਣੀ ਪਰਮਿਸ਼ਨ ਸਬੰਧੀ ਬੇਨਤੀ ਪੱਤਰ ਸਮੇਤ ਅੰਡਰਟੇਕਿੰਗ ਜਨਰਲ ਮੈਨੇਜਰ, ਜ਼ਿਲਾ ਉਦਯੋਗ ਕੇਂਦਰ ਕਪੂਰਥਲਾ (ਈਮੇਲ 0.) ਨੂੰ ਦੇਣਗੇ। ਬੇਨਤੀ ਪੱਤਰ ਪ੍ਰਾਪਤ ਕਰਨ ਉਪਰੰਤ ਜਨਰਲ ਮੈਨੇਜਰ, ਜ਼ਿਲਾ ਉਦਯੋਗ ਕੇਂਦਰ ਕਪੂਰਥਲਾ ਅਤੇ ਸਹਾਇਕ ਲੇਬਰ ਕਮਿਸ਼ਨਰ ਦੋਵੇਂ ਸਾਂਝੇ ਤੌਰ ’ਤੇ ਸਬੰਧਤ ਯੂਨਿਟ ਦਾ ਨਿਰੀਖਣ ਕਰਨਗੇ ਕਿ ਯੂਨਿਟ ਵਿਚ ਭਾਰਤ ਸਰਕਾਰ/ਪੰਜਾਬ ਸਰਕਾਰ/ਵੱਖ-ਵੱਖ ਸਿਹਤ ਅਥਾਰਟੀਆਂ ਵੱਲੋਂ ਕੋਵਿਡ-19 ਦੀ ਰੋਕਥਾਮ ਕਰਨ ਬਾਬਤ ਮਾਪਦੰਡਾਂ ਦੀ ਪੂਰਤੀ ਕਰਨ ਸਬੰਧੀ ਯੋਗ ਪ੍ਰਬੰਧ ਕੀਤੇ ਗਏ ਹਨ ਕਿ ਨਹੀਂ ਅਤੇ ਆਪਣੀ ਸਿਫਾਰਸ਼ ਸਮੇਤ ਕੇਸ ਦਫ਼ਤਰ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਭੇਜਣਗੇ, ਜਿਸ ਉਪਰੰਤ ਇਸ ਦਫ਼ਤਰ ਵੱਲੋਂ ਯੂਨਿਟ ਚਲਾਉਣ ਸਬੰਧੀ ਲੋੜੀਂਦੀ ਪ੍ਰਵਾਨਗੀ ਦੇ ਹੁਕਮ ਜਾਰੀ ਕੀਤੇ ਜਾਣਗੇ।
ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਉਹ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹਰ ਲੇਬਰ ਵਿਚ 2-2 ਮੀਟਰ ਦਾ ਫਾਸਲਾ ਬਣਾ ਕੇ ਰੱਖਣਗੇ। ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹਰ ਕਰਮਚਾਰੀ/ਵਰਕਰ/ਲੇਬਰ ਆਪਣੇ ਮੂੰਹ ’ਤੇ ਮਾਸਕ ਪਾਉਣਾ ਲਾਜ਼ਮੀ ਬਣਾਉਣਗੇ ਅਤੇ ਸੈਨੀਟਾਈਜ਼ਰ ਦਾ ਮੁਕੰਮਲ ਪ੍ਰਬੰਧ ਕੀਤਾ ਜਾਵੇ ਅਤੇ ਪਰਕਰਾਂ ਦੀ ਕੰਮ ਕਰਨ ਵਾਲੀ ਥਾਂ ਨੂੰ ਸੈਨੀਟਾਈਜ਼ ਕਰਵਾਇਆ ਜਾਣਾ ਲਾਜ਼ਮੀ ਹੋਵੇਗਾ। ਫੈਕਟਰੀ ਮਾਲਕ ਇਹ ਯਕੀਨੀ ਬਣਾਉਣਗੇ ਕਿ ਲੇਬਰ/ਵਰਕਰ/ਕਰਮਚਾਰੀਆਂ ਨੂੰ ਪੂਰੀਆਂ ਸਹੂਲਤਾਂ ਭਾਵ ਮੈਡੀਕਲ/ਖਾਣਾ-ਪੀਣਾ/ਵਿੱਤੀ ਸਹਾਇਤਾ (ਜੇਕਰ ਲੋੜ ਹੋਵੇਗੀ ਤਾਂ) ਮੁਹੱਈਆ ਕਰਵਾਉਣਗੇ। ਲੇਬਰ/ਕਰਮਚਾਰੀ/ਵਰਕਰ ਨੂੰ ਇਕੱਠਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਉਹ ਕੇਵਲ ਫੈਕਟਰੀ ਦੇ ਅੰਦਰ ਹੀ ਕੰਮ ਕਰਨਗੇ ਅਤੇ ਫੈਕਟਰੀ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਇਨਾਂ ਨੂੰ ਫੈਕਟਰੀ ਕੁਆਨਟੀਨ ਕੀਤਾ ਜਾਵੇਗਾ। ਸਹਾਇਕ ਲੇਬਰ ਕਮਿਸ਼ਨਰ ਕਪੂਰਥਲਾ, ਕਾਰਜਕਾਰੀ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਕਪੂਰਥਲਾ ਅਤੇ ਸਬੰਧਤ ਐਸ. ਐਮ. ਓ ਸਮੇਂ-ਸਮੇਂ ’ਤੇ ਅਜਿਹੀਆਂ ਫੈਕਟਰੀਆਂ ਦੀ ਚੈਕਿੰਗ ਕਰਨਗੇ ਕਿ ਕੋਵਿਡ-19 ਮੁਤਾਬਿਕ ਸੋਸ਼ਨ ਡਿਸਟੈਂਸ ਦੀਆਂ ਹਦਾਇਤਾਂ ਦੀ ਪਾਲਣਾ ਹੋ ਰਹੀ ਹੈ। ਜੇਕਰ ਫੈਕਟਰੀ ਮਾਲਕ ਉਕਤ ਸ਼ਰਤਾਂ ਦੀ ਪਾਲਣਾ ਨਹੀਂ ਕਰਦਾ ਹੈ ਤਾਂ ਇਹ ਫੈਕਟਰੀ ਚਲਾਉਣ ਦੀ ਆਗਿਆ ਰੱਦ ਕਰ ਦਿੱਤੀ ਜਾਵੇਗੀ। ਤਮਾਤ ਲੇਬਰ/ਕਰਮਚਾਰੀ/ਵਰਕਰਾਂ ਨੂੰ ਕਰਫਿੳੂ/ਲਾਕ ਡਾੳੂਨ ਦੇ ਸਮੇਂ ਦੌਰਾਨ ਤੱਕ, ਮੈਡੀਕਲ/ਖਾਣ-ਪੀਣ/ਰਹਿਣ ਆਦਿ ਦਾ ਪ੍ਰਬੰਧ ਉਸ ਦੀ ਜਿੰਮੇਵਾਰੀ ਹੋਵੇਗੀ।
ਜੇਕਰ ਕਿਸੇ ਇੰਡਸਟਰੀ ਦਾ ਸਾਈਜ਼ ਛੋਟਾ ਹੋਣ ਕਾਰਨ ਜਾਂ ਰਾਅ ਮਟੀਰੀਅਲ ਦੀ ਕਮੀ ਕਾਰਨ ਉਸ ਨੂੰ ਅਜਿਹੀ ਹਾਲਤ ਵਿਚ ਚਲਾਇਆ ਨਾ ਜਾ ਸਕੇ ਤਾਂ ਅਜਿਹੀ ਹਾਲਤ ਵਿਚ ਇੰਡਸਟਰੀ ਮਾਲਕ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਆਪਣੀ ਜਿੰਨੀ ਵੀ ਪ੍ਰਵਾਸੀ ਲੇਬਰ ਹੈ, ਉਸ ਨੂੰ ਰਹਿਣ, ਖਾਣ-ਪੀਣ ਅਤੇ ਸਾਫ਼-ਸਫ਼ਾਈ ਆਦਿ ਦੀਆਂ ਸਾਰੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣ। ਫੈਕਟਰੀ ਮਾਲਕ ਯਕੀਨੀ ਬਣਾਉਣਗੇ ਕਿ ਪ੍ਰਵਾਸੀ ਲੇਬਰ ਵਾਪਸ ਆਪਣੇ ਸੂਬਿਆਂ ਨੂੰ ਨਾ ਜਾਵੇ, ਕਿਉਂਕਿ ਕੇਂਦਰ ਸਰਕਾਰ ਵੱਲੋਂ ਪ੍ਰਵਾਸੀ ਲੇਬਰ ਦੀ ਕਿਸੇ ਵੀ ਇੰਟਰ-ਸਟੇਟ ਮੂਵਮੈਂਟ ’ਤੇ ਪਾਬੰਦੀ ਲਗਾਈ ਹੋਈ ਹੈ। ਇਸ ਸਬੰਧੀ ਜੇਕਰ ਫੈਕਟਰੀ ਮਾਲਕ ਨੂੰ ਕਿਸੇ ਵੀ ਕਿਸਮ ਦੀ ਸਹਾਇਤਾ ਜਾ ਰਾਸ਼ਨ ਦੀ ਲੋੜ ਹੋਵੇ, ਤਾਂ ਸਬੰਧਤ ਉਪ ਮੰਡਲ ਮੈਜਿਸਟਰੇਟ ਜਾਂ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਵੇ। ਪ੍ਰਵਾਸੀ ਮਜ਼ਦੂਰਾਂ ਦੀ ਭਲਾਈ ਅਤੇ ਸਿਹਤ ਦਾ ਧਿਆਨ ਉਨਾਂ ਦੇ ਮਾਲਕਾਂ ਨੂੰ ਇਸ ਔਖੀ ਘੜੀ ਵਿਚ ਰੱਖਣ ਦੀ ਅਪੀਲ ਅਤੇ ਹੁਕਮ ਕੀਤੇ ਗਏ ਹਨ। ਉਕਤ ਸਾਰੀਆਂ ਹਦਾਇਤਾਂ ਲਾਗੂ ਕਰਵਾਉਣ ਦੀ ਜਿੰਮੇਵਾਰੀ ਸਹਾਇਕ ਲੇਬਰ ਕਮਿਸ਼ਨਰ ਕਪੂਰਥਲਾ ਦੀ ਹੋਵੇਗੀ। ਸੁਰੱਖਿਆ ਦੇ ਪ੍ਰਬੰਧ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਵੱਲੋਂ ਕੀਤੇ ਜਾਣਗੇ। ਇਹ ਹੁਕਮ ਤੁਰੰਤ ਪ੍ਰਭਾਵ ਤੋਂ ਲਾਗੂ ਹੋਣਗੇ।