ਮੀਂਹ ਅਤੇ ਠੰਡ ਦੇ ਬਾਵਜੂਦ ਸੰਗਤਾਂ ਐਤਕੀਂ ਵੀ ਪੂਰੇ ਉਤਸ਼ਾਹ ਨਾਲ ਅਨੰਦਪੁਰ ਸਾਹਿਬ ਹੋਲੇ ਮੁਹੱਲੇ ‘ਤੇ ਜਾ ਰਹੀਆਂ ਹਨ। ਕੋਰੋਨਾ ਵਾਇਰਸ ਦੀ ਦਹਿਸ਼ਤ ਦਾ ਕੋਈ ਅਸਰ ਨਹੀਂ ਦਿਸ ਰਿਹਾ। ਹਲਾਂਕਿ ਹੋਲੇ ਮੁਹੱਲੇ ਤੇ ਹੋਣ ਵਾਲੇ ਸਿਆਸੀ ਜਲਸੇ ਵੀ ਕਰੋਨਾ ਫੈਲਣ ਦੇ ਡਰੋਂ ਹੀ ਰੱਦ ਹੋਏ ਹਨ।

ਲੁਧਿਆਣਾ ਦੀ ਫ਼ਿਰੋਜ਼ਪੁਰ ਰੋਡ ਤੇ ਇਆਲੀ-ਥਰੀਕੇ ਚੌਂਕ ਕੋਲੋਂ ਅੱਜ ਬਾਅਦ ਦੁਪਹਿਰ ਇੱਕ ਮਿੰਟ ਵਿੱਚ ਔਸਤਨ 2-3 ਟਰੈਕਟਰ ਟਰਾਲੀਆਂ ਅਨੰਦਪੁਰ ਸਾਹਿਬ ਜਾਣ ਵਾਲ਼ੀਆਂ ਸੰਗਤਾਂ ਦੀਆਂ ਗੁਜ਼ਰ ਰਹੀਆਂ ਸਨ। ਟਰੈਕਟਰ ਟਰਾਲੀਆਂ ਤੇ ਪੀਲੇ ਖਾਲਸਾਈ ਝੰਡਿਆਂ ਦੀ ਥਾਂ ਤੇ ਨੀਲੇ ਝੰਡਿਆਂ ਦੀ ਗਿਣਤੀ ਵੀ ਬੀਤੇ ਸਾਲਾਂ ਨਾਲ਼ੋਂ ਕਾਫ਼ੀ ਵਧੀ ਹੈ। ਇੱਕ ਹੋਰ ਵਿਲੱਖਣ ਗੱਲ ਇਹ ਦੇਖਣ ਨੂੰ ਮਿਲੀ ਕਿ ਲਗਭਗ ਅੱਧੇ ਟਰਾਲੀ ਟਰੈਕਟਰਾਂ ਤੇ ਖਾਲਸਾਈ ਝੰਡਿਆਂ ਦੇ ਨਾਲ ਕੈਨੇਡਾ ਦੇ ਝੰਡੇ ਵੀ ਲੱਗੇ ਹੋਏ ਸਨ।