ਫਗਵਾੜਾ (ਡਾ ਰਮਨ)
ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਪਿਛਲੇ ਕੁਝ ਦਿਨਾਂ ਵਿੱਚ ਕਪੂਰਥਲਾ ਜ਼ਿਲੇ ਦੀ ਹੱਦ ਨਾਲ ਲੱਗਦੇ ਕੁਝ ਜ਼ਿਲਿਆਂ ਵਿੱਚ ਕੋਰੋਨਾ ਵਾਇਰਸ (ਕੋਵਿਡ-19) ਦੇ ਕੇਸਾਂ ਦੀ ਗਿਣਤੀ ਵਧਣ ਦੇ ਮੱਦੇਨਜ਼ਰ ਫ਼ੋਜਦਾਰੀ ਜ਼ਾਬਤਾ 1973 ਦੀ ਧਾਰਾ 144 ਅਤੇ ਐਪੀਡੇਮਿਕਸ ਐਕਟ 1897 ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਨਾਲ ਸਬੰਧਤ ਧਾਰਾਵਾਂ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ ਕਿ ਕਿਸੇ ਹੋਰ ਜ਼ਿਲੇ ਵਿਚੋਂ ਆ ਰਹੇ ਕਿਸੇ ਵੀ ਵਿਅਕਤੀ ਨੂੰ ਥਰਮਲ ਸਕਰੀਨਿੰਗ ਕਰਨ ਤੋਂ ਬਾਅਦ ਹੀ ਕਪੂਰਥਲਾ ਜ਼ਿਲੇ ਵਿਚ ਦਾਖ਼ਲ ਹੋਣ ਦੀ ਆਗਿਆ ਦਿੱਤੀ ਜਾਵੇਗੀ। ਇਹ ਸਕਰੀਨਿੰਗ ਨਾਨ-ਕਾਨਟੈਕਟ ਥਰਮਾਮੀਟਰਾਂ ਰਾਹੀਂ ਅੰਤਰ ਜ਼ਿਲਾ ਹੱਦਾਂ ’ਤੇ ਸਥਿਤ 20 ਚੈੱਕ ਪੁਆਇੰਟਾਂ/ਨਾਕਿਆਂ ’ਤੇ ਕੀਤੀ ਜਾਵੇਗੀ।
ਜਾਰੀ ਹੁਕਮਾਂ ਅਨੁਸਾਰ ਕਪੂਰਥਲਾ ਸਬ-ਡਵੀਜ਼ਨ ਵਿਖੇ ਇਹ ਸਕਰੀਨਿੰਗ ਜੱਲੋਵਾਲ (ਕਪੂਰਥਲਾ-ਨਕੋਦਰ ਰੋਡ), ਆਧੀ ਖੂਹੀ (ਜਲੰਧਰ-ਕਪੂਰਥਲਾ ਰੋਡ), ਜੈ ਰਾਮ ਪੁਰ (ਕਾਲਾ ਸੰਘਿਆਂ-ਜਲੰਧਰ ਰੋਡ), ਬੱਸ ਸਟੈਂਡ ਕੌਲਪੁਰ (ਕਪੂਰਥਲਾ-ਕੁਲਾਰ ਰੋਡ) ਅਤੇ ਡੈਣਵਿੰਡ (ਕਪੂਰਥਲਾ-ਕੁਲਾਰ ਰੋਡ) ਵਿਖੇ ਹੋਵੇਗੀ।
ਇਸੇ ਤਰਾਂ ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਵਿਖੇ ਇਹ ਸਕਰੀਨਿੰਗ ਬਿਆਸ ਪੁਲ/ਗੋਇੰਦਵਾਲ ਪੁਲ (ਕਪੂਰਥਲਾ-ਗੋਇੰਦਵਾਲ ਰੋਡ), ਅੱਡਾ ਦੀਪੇਵਾਲ (ਸੁਲਤਾਨਪੁਰ ਲੋਧੀ-ਲੋਹੀਆਂ ਰੋਡ), ਅੱਡਾ ਤਾਸ਼ਪੁਰ (ਸੁਲਤਾਨਪੁਰ ਲੋਧੀ-ਮਲਸੀਆਂਰੋਡ), ਫਰੀਦ ਸਰਾਏ ਭੱਠਾ (ਸੁਲਤਾਨਪੁਰ ਲੋਧੀ-ਫਰੀਦ ਸਰਾਏ ਗਿੱਦੜਪਿੰਡੀ ਰੋਡ) ਅਤੇ ਟੀ-ਪੁਆਇੰਟ ਵਾਟਾਂਵਾਲੀ (ਕਬੀਰਪੁਰ-ਗਿੱਦੜਪਿੰਡੀ ਰੋਡ) ਵਿਖੇ ਹੋਵੇਗੀ।
ਭੁਲੱਥ ਸਬ-ਡਵੀਜ਼ਨ ਵਿਚ ਇਹ ਨਾਕੇ ਟੀ-ਪੁਆਇੰਟ ਮੱਲੀਆਂ ਮੋੜ ਰਾਮਗੜ ਭੁਲੱਥ (ਭੁਲੱਥ-ਕਰਤਾਰਪੁਰ ਰੋਡ), ਅੱਡਾ ਦਿਆਲਪੁਰ (ਸੁਭਾਨਪੁਰ-ਜਲੰਧਰ ਰੋਡ), ਟੋਲ ਪਲਾਜ਼ਾ ਜੀ. ਟੀ ਰੋਡ, ਢਿਲਵਾਂ (ਸੁਭਾਨਪੁਰ-ਅੰਮਿ੍ਰਤਸਰ ਰੋਡ), ਚੌਕ ਪੱਠਾ ਭਟਨੂਰਾ ਭੁਲੱਥ (ਭੁਲੱਥ-ਭੋਗਪੁਰ ਰੋਡ) ਅਤੇ ਅੱਡਾ ਸਰੂਪਵਾਲ (ਬੇਗੋਵਾਲ-ਟਾਂਡਾ ਰੋਡ) ਵਿਖੇ ਹੋਣਗੇ।
ਇਸ ਤੋਂ ਇਲਾਵਾ ਫਗਵਾੜਾ ਸਬ-ਡਵੀਜ਼ਨ ਵਿਚ ਇਹ ਸਕਰੀਨਿੰਗ ਪਿੰਡ ਖਜੂਰਲਾ (ਫਗਵਾੜਾ-ਜਲੰਧਰ ਰੋਡ), ਦਰਵੇਸ਼ ਪਿੰਡ (ਫਗਵਾੜਾ-ਨਕੋਦਰ ਰੋਡ), ਚਾਚੋਕੀ ਪੁਲੀ (ਫਗਵਾੜਾ-ਗੋਰਾਇਆ ਰੋਡ), ਰਿਹਾਣਾ ਜੱਟਾਂ (ਫਗਵਾੜਾ-ਹੁਸ਼ਿਆਰਪੁਰ ਰੋਡ) ਅਤੇ ਮਾਇਓ ਪੱਟੀ (ਰਾਵਲਪਿੰਡੀ-ਪਾਂਸ਼ਟ-ਹੁਸ਼ਿਆਰਪੁਰ ਰੋਡ) ਵਿਖੇ ਹੋਵੇਗੀ।
ਸਾਰੇ ਅੰਤਰ-ਜ਼ਿਲਾ ਨਾਕਿਆਂ ’ਤੇ ਇਹ ਸਕਰੀਨਿੰਗ 24 ਘੰਟੇ ਹੋਵੇਗੀ ਅਤੇ ਸਮੁੱਚੀ ਸਕਰੀਨਿੰਗ ਦਾ ਇਕ ਨਿਰਧਾਰਤ ਪ੍ਰੋਫਾਰਮੇ ਵਿਚ ਪੂਰਾ ਰਿਕਾਰਡ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਜੇਕਰ ਕਿਸੇ ਵਿਅਕਤੀ ਵਿਚ ਖਾਂਸੀ, ਬੁਖਾਰ, ਫਲੂ ਆਦਿ ਵਰਗੇ ਲੱਛਣ ਪਾਏ ਜਾਂਦੇ ਹਨ, ਤਾਂ ਉਸ ਨੂੰ ਤੁਰੰਤ ਸਬੰਧਤ ਸਿਵਲ ਹਸਪਤਾਲ ਵਿਖੇ ਰੈਫਰ ਕੀਤਾ ਜਾਵੇਗਾ।