K9NEWSPUNJAB Bureau-

ਚੰਡੀਗੜ੍ਹ, 26 ਅਗਸਤ 2019 – ਪੰਜਾਬ ਵਿੱਚ ਵਧਦੀ ਬੇਰੁਜ਼ਗਾਰੀ ਨੇ ਪੰਜਾਬ ਦੇ ਨੌਜਵਾਨਾਂ ਦਾ ਰੁਝਾਨ ਵਿਦੇਸ਼ੀ ਧਰਤੀ ਵੱਲ ਮੋੜ ਦਿੱਤਾ ਹੈ। ਉਨ੍ਹਾਂ ਨੂੰ ਸੁਨਹਿਰੀ ਖਵਾਬ ਲੱਗਣ ਵਾਲੀ ਵਿਦੇਸ਼ੀ ਧਰਤੀ ਕਦੋਂ ਅਖੌਤੀ ਏਜੰਟਾਂ ਦੇ ਹੱਥੇ ਚੜਕੇ ਇੱਕ ਬੁਰੇ ਸੁਫਨੇ ਵਿੱਚ ਤਬਦੀਲ ਹੋ ਜਾਂਦੀ ਹੈ। ਉਨ੍ਹਾਂ ਨੂੰ ਨਰਕ ਨੁਮਾਂ ਯਾਤਨਾਵਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ, ਅਜਿਹਾ ਹੀ ਇੱਕ ਮਾਮਲਾ ਸਾਬਕਾ ਚੇਅਰਪਰਸਨ ਜਿਲ੍ਹਾ ਯੋਜਨਾ ਕਮੇਟੀ ਅਤੇ ਸਮਾਜ ਸੇਵੀ ਸੰਸਥਾ “ ਹੈਲਪਿੰਗ ਹੈਪਲੈੱਸ ” ਦੀ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂੰਵਾਲੀਆ ਦੇ ਸਾਹਮਣੇ ਆਇਆ।

ਜਤਿੰਦਰ ਸਿੰਘ ਨਿਵਾਸੀ ਹੁਸ਼ਿਆਰਪੁਰ ਫਰਜ਼ੀ ਏਜੰਟ ਦੇ ਹੱਥੇ ਚੜਕੇ ਮਲੇਸ਼ੀਆ ਵਿੱਚ ਫੱਸ ਗਿਆ ਸੀ। ਉਸ ਦੇ ਪਿਤਾ ਗੁਰਮੀਤ ਸਿੰਘ ਨੇ ਸਭ ਪਾਸਿਓ ਮਦਦ ਦੀ ਗੁਹਾਰ ਲਗਾਈ ਹਰੇਕ ਪਾਸਿਓ ਨਿਰਾਸ਼ਾ ਦਾ ਸਾਹਮਣਾ ਕਰਨ ਤੋਂ ਬਾਅਦ ਉਨ੍ਹਾ ਚੰਡੀਗੜ੍ਹ ਵਿਖੇ ਸਮਾਜ ਸੇਵੀ ਸੰਸਥਾ “ ਹੈਲਪਿੰਗ ਹੈਪਲੈੱਸ ” ਬਾਰੇ ਜਾਣੂੰ ਹੋਏ ਤੇ ਸੰਸਥਾ ਦੀ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂੰਵਾਲੀਆ ਨਾਲ ਮੁਲਾਕਾਤ ਕਰਕੇ ਮਦਦ ਦੀ ਗੁਜ਼ਾਰਿਸ਼ ਕੀਤੀ। ਉਸਦੇ ਪਿਤਾ ਨੇ ਦੱਸਿਆ ਕਿ ਉਸ ਕੋਲ ਕੋਈ ਪੈਸਾ ਨਹੀਂ ਹੈ 5,00,000 ਦੇ ਕਰੀਬ ਜ਼ੁਰਮਾਨਾ ਦੇਣਾ ਹੈ ਅਤੇ ਪਹਿਲਾਂ ਹੀ ਬੱਚਾ ਕਰਜ਼ਾ ਚੱਕ ਕੇ ਬਾਹਰ ਭੇਜਿਆ ਸੀ, ਉਸਦੀ ਮਾਂ ਦਾ ਦੇਹਾਂਤ ਹੋ ਚੁੱਕਾ ਹੈ ਤੇ ਭੈਣਾ ਦਾ ਫਿਕਰ ਨਾਲ ਬੁਰਾ ਹਾਲ ਹੈ। ਬੀਬੀ ਰਾਮੂੰਵਾਲੀਆਂ ਅਤੇ “ਹੈਲਪਿੰਗ ਹੈਪਲੈੱਸ” ਦੀ ਟੀਮ ਦੇ ਯਤਨਾਂ ਸਦਕਾਂ ਜਤਿੰਦਰ ਸਿੰਘ ਘਰ ਵਾਪਿਸ ਪਰਤ ਆਇਆ ਹੈ।

ਜਤਿੰਦਰ ਸਿੰਘ ਨੇ ਦੱਸਿਆ ਉਨ੍ਹਾਂ ਨੂੰ ਕੰਮ ਦਵਾਉਣ ਦਾ ਸੁਫਨਾ ਵਿਖਾ ਕੇ ਏਜੰਟ ਉਨ੍ਹਾਂ ਨੂੰ ਮਲੇਸ਼ੀਆ ਟੂਰਿਸਟ ਵਿਜ਼ੇ ‘ਤੇ ਲੈ ਗਿਆ ਜਿੱਥੇ ਉਨ੍ਹਾਂ ਤੋਂ ਦਿਹਾੜੀਦਾਰ ਕੰਮ ਤਾਂ ਲਿਆ ਜਾਂਦਾ ਪਰ ਪੈਸੇ ਨਾ ਦਿੱਤੇ ਜਾਂਦੇ ਤੇ ਨਾ ਹੀ ਖਾਣੇ ਦਾ ਕੋਈ ਉਚਿਤ ਪ੍ਰਬੰਧ ਸੀ। ਕੁਝ ਦਿਨਾਂ ਮਗਰੋਂ ਏਜੰਟ ਉਨ੍ਹਾਂ ਨੂੰ ਉੱਥੇ ਛੱਡ ਕੇ ਆਪ ਵਾਪਿਸ ਪਰਤ ਆਇਆ, ਟੂਰਿਸਟ ਵਿਜ਼ਾ ਹੋਣ ਕਰਕੇ ਉਹ ਕਿਤੇ ਕੰਮ ਨਹੀਂ ਕਰ ਸਕਦੇ ਸੀ, ਨਾ ਐਨੇ ਪੈਸੇ ਸਨ ਕੀ ਉਹ ਵਾਪਸੀ ਦੀ ਟਿਕਟ ਲੈ ਸਕਣ। ਥੱਕ ਹਾਰ ਕੇ ਉਨ੍ਹਾਂ ਮਲੇਸ਼ੀਆ ਦੇ ਕੈਂਪ ਵਿੱਚ ਸ਼ਰਣ ਲਿੱਤੀ ਜਿੱਥੇ ਮੇਰੀ ਸਿਹਤ ਖਰਾਬ ਹੋ ਗਈ ਤੇ ਚਮੜੀ ਦੇ ਰੋਗ ਨਾਲ ਸਰੀਰ ਗ੍ਰਸਤ ਹੋ ਗਿਆ। ਮੇਰੇ ਪਿਤਾ ਜੀ ਬੀਬੀ ਰਾਮੂੰਵਾਲੀਆ ਦੇ ਸੰਪਰਕ ਵਿੱਚ ਆਏ ਜਿਨ੍ਹਾਂ ਮੇਰੇ ਵਾਸਤੇ ਕੈਂਪ ਵਿੱਚ ਦਵਾਈਆਂ ਤੇ ਉਚਿਤ ਇਲਾਜ ਲਈ ਡਾਕਟਰਾਂ ਦਾ ਪ੍ਰਬੰਧ ਕਰਵਾਇਆ, ਗਰੀਬੀ ਦੀ ਵਜ੍ਹਾ ਕਾਰਨ ਮੈਂ ਪੈਸੇ ਵੀ ਨਹੀਂ ਸੀ ਦੇ ਸਕਦਾ, ਮੇਰਾ ਸੰਸਥਾ ਦੁਆਰਾ ਮਲੇਸ਼ੀਆ ਦੀ ਸਰਕਾਰ ਨੂੰ ਜ਼ੁਰਮਾਨਾ ਅਦਾ ਕੀਤਾ ਗਿਆ ਅਤੇ ਘਰ ਵਾਪਿਸ ਪਰਤਣ ਲਈ ਟਿਕਟ ਦਾ ਵੀ ਇੰਤਜ਼ਾਮ ਕਰਵਾਇਆ।

ਹੈਲਪਿੰਗ ਹੈਪਲੈੱਸ ਦੇ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂੰਵਾਲੀਆ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਬੇਰੁਜ਼ਗਾਰੀ ਇੱਕ ਪ੍ਰਮੁੱਖ ਕਾਰਨ ਹੈ ਜਿਸ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਵਿਦਾਸ਼ੀ ਦੇਸ਼ਾਂ ਵਿੱਚ ਰੁਜ਼ਗਾਰ ਲਈ ਜਾਣਾ ਪੈਂਦਾ ਹੈ। ਜਿਸ ਦਾ ਫਾਇਦਾ ਚੁੱਕ ਕੇ ਅਖੌਤੀ ਏਜੰਟ ਜਤਿੰਦਰ ਤੇ ਹੋਰ ਕਈ ਉਸ ਵਰਗੇ ਨੌਜਵਾਨਾਂ ਨੂੰ ਸੁਨਹਿਰੇ ਭਵਿੱਖ ਦੇ ਸੁਫਨੇ ਵਿਖਾ ਕੇ ਨਰਕ ਵਰਗੀ ਜ਼ਿੰਦਗੀ ਵਿੱਚ ਝੋਕ ਦਿੰਦੇ ਹਨ। ਸਰਕਾਰ ਨੂੰ ਇਸ ਉੱਤੇ ਕੋਈ ਠੋਸ ਕਦਮ ਚੁੱਕਣਾ ਚਾਹੀਦਾ ਹੈ। ਇਸ ਮੌਕੇ ਜਤਿੰਦਰ ਸਿੰਘ, ਗੁਰਮੀਤ ਸਿੰਘ, ਅਰਵਿੰਦਰ ਭੁੱਲਰ, ਅਨਮੋਲ ਸਿੰਘ ਚੱਕਲ, ਅੰਮ੍ਰਿਤਪਾਲ ਸਿੰਘ ਹਾਜ਼ਰ ਸਨ।