Home Punjabi-News ਹੁਮਸ ਭਰੀ ਗਰਮੀ ਵਿਚ ਵੀ ਬਰਸਾਤ ਨਾ ਹੋਣ ਦੀਆਂ ਦੁਆਵਾਂ ਕਰਦੇ ਹਨ...

ਹੁਮਸ ਭਰੀ ਗਰਮੀ ਵਿਚ ਵੀ ਬਰਸਾਤ ਨਾ ਹੋਣ ਦੀਆਂ ਦੁਆਵਾਂ ਕਰਦੇ ਹਨ ਸ਼ਹੀਦ ਊਧਮ ਸਿੰਘ ਨਗਰ ਦੇ ਵਸਨੀਕ।

  • ਛੱਪੜ ਤੇ ਦਲਦਲ ‘ਚ ਤਬਦੀਲ ਹੋਈਆਂ ਸੜਕਾਂ ਤੋਂ ਲੰਘਣਾ ਮੁਸ਼ਕਲ
  • ਨਗਰ ਨਿਗਮ ਤੇ ਲਾਇਆ ਸ਼ਹੀਦ ਦੇ ਅਪਮਾਨ ਦਾ ਦੋਸ਼

  • ਫਗਵਾੜਾ 9 ਅਗਸਤ ( ਅਜੈ ਕੋਛੜ ) ਫਗਵਾੜਾ ਦੇ ਲੋਕ ਜਿੱਥੇ ਕਈ ਦਿਨਾਂ ਦੀ ਹੁਮਸ ਭਰੀ ਗਰਮੀ ਤੋਂ ਬਾਅਦ ਅੱਜ ਸਵੇਰੇ ਹੋਈ ਬਰਸਾਤ ਨੂੰ ਦੇਖ ਕੇ ਪਰਮਾਤਮਾ ਦਾ ਸ਼ੁਕਰਾਨਾ ਕਰ ਰਹੇ ਸਨ ਉੱਥੇ ਹੀ ਸ਼ਹਿਰ ਦੇ ਵਾਰਡ ਨੰਬਰ 44 ਅਧੀਨ ਸ਼ਹੀਦ ਉਧਮ ਸਿੰਘ ਨਗਰ ਦੇ ਲੋਕਾਂ ਲਈ ਇਕ ਵਾਰ ਫਿਰ ਇਹ ਬਰਸਾਤ ਆਫਤ ਬਣ ਕੇ ਆਈ ਤੇ ਲੋਕ ਘਰਾਂ ਵਿਚ ਕੈਦ ਹੋ ਕੇ ਰਹਿਣ ਲਈ ਮਜਬੂਰ ਹੋ ਗਏ। ਮੁਹੱਲੇ ਦੇ ਲੋਕਾਂ ਅਨੁਸਾਰ ਉਹਨਾਂ ਦੇ ਵਾਰਡ ਵਿਚ ਅੱਧਾ ਅਧੂਰਾ ਸੀਵਰੇਜ ਅਤੇ ਵਾਟਰ ਸਪਲਾਈ ਦਾ ਕੰਮ ਹੀ ਹੋਇਆ ਹੈ ਅਤੇ ਬਾਕੀ ਕੰਮ ਮੁਕੰਮਲ ਨਾ ਹੋਣ ਕਰਕੇ ਸੜਕਾਂ ਦੀ ਉਸਾਰੀ ਵੀ ਨਹੀਂ ਹੋ ਰਹੀ। ਜਦੋਂ ਵੀ ਬਰਸਾਤ ਹੁੰਦੀ ਹੈ ਤਾਂ ਉਹਨਾਂ ਦੇ ਇਲਾਕੇ ਵਿਚ ਸੜਕਾਂ ਛੱਪੜ ਜਾਂ ਦਲਦਲ ਦਾ ਰੂਪ ਧਾਰ ਲੈਂਦੀਆਂ ਹਨ ਜਿੱਥੋਂ ਪੈਦਲ ਤਾਂ ਕੀ ਵਾਹਨਾਂ ਤੇ ਲੰਘਣਾ ਵੀ ਕਿਲਾ ਜਿੱਤਣ ਵਾਲੀ ਗਲ ਬਣ ਜਾਂਦੀ ਹੈ। ਮੁਹੱਲਾ ਨਿਵਾਸੀਆਂ ਸ਼ਾਮ ਲਾਲ, ਰਮੇਸ਼ ਸ਼ਰਮਾ, ਬਗੀਚਾ ਸਿੰਘ, ਮਨਪ੍ਰੀਤ ਸਿੰਘ, ਪੀ.ਆਰ. ਮੱਲ•, ਸਤਨਾਮ ਜੱਖੂ, ਹਰਭਜਨ ਸਿੰਘ, ਰਾਮ ਆਸਰਾ, ਐਚ.ਸੀ. ਭਨੋਟ, ਮਨਜੀਤ ਸਿੰਘ, ਜਸਜੀਤ ਸਿੰਘ, ਅਜੇ ਕੁਮਾਰ, ਬਲਵੀਰ ਸਿੰਘ, ਦੀਪਕ ਸੈਣੀ, ਰਾਜਕੁਮਾਰ, ਨਿਆਜ ਅਹਿਮਦ, ਦਵਿੰਦਰ ਸਿੰਘ, ਚਮਨ ਲਾਲ, ਡਿੰਪਲ ਸੈਣੀ, ਇਸ਼ਾਂਤ, ਜਗਜੀਤ ਸੈਣੀ ਆਦਿ ਨੇ ਬਹੁਤ ਹੀ ਰੋਸ ਭਰੇ ਲਹਿਜੇ ਵਿਚ ਕਿਹਾ ਕਿ ਭਾਰਤ ਦੇ ਮਹਾਨ ਸ਼ਹੀਦ ਉਧਮ ਸਿੰਘ ਨੇ ਆਪਣਾ ਸਾਰਾ ਜੀਵਨ ਦੇਸ਼ ਕੌਮ ਦੇ ਲੇਖੇ ਲਾ ਕੇ ਇਸ ਧਰਤੀ ਨੂੰ ਆਜਾਦ ਕਰਾਉਣ ਦੇ ਉਦੇਸ਼ ਦੀ ਪੂਰਤੀ ਲਈ ਆਪਣੀ ਜਾਨ ਤੱਕ ਵਾਰ ਦੇਣ ਦੀ ਉਹ ਅਦਭੁੱਤ ਮਿਸਾਲ ਪੇਸ਼ ਕੀਤੀ ਜਿਸ ਨੇ ਦੇਸ਼ ਵਾਸੀਆਂ ਦੇ ਦਿਲਾਂ ਵਿਚ ਗੁਲਾਮੀ ਦੀਆਂ ਜੰਜ਼ੀਰਾਂ ਨੂੰ ਤੋੜ ਦੇਣ ਦੇ ਜੋਸ਼ ਨੂੰ ਪ੍ਰਚੰਡ ਕੀਤਾ ਅਤੇ ਦੇਸ਼ ਆਜਾਦ ਹੋਇਆ। ਪਰ ਇਸ ਆਜਾਦ ਦੇਸ਼ ਵਿਚ ਸ਼ਹੀਦ ਊਧਮ ਸਿੰਘ ਦੇ ਨਾਮ ਤੇ ਬਣੇ ਫਗਵਾੜਾ ਦੇ ਮੁਹੱਲਾ ਸ਼ਹੀਦ ਊਧਮ ਸਿੰਘ ਨਗਰ ਵਿਚ ਲੋਕ ਜਿਸ ਤਰ•ਾਂ ਮੁਢਲੀਆਂ ਲੋੜਾਂ ਤੋਂ ਵਾਂਝੇ ਹਨ ਉਹ ਮਹਾਨ ਸ਼ਹੀਦ ਦੀ ਸ਼ਹਾਦਤ ਦਾ ਨਗਰ ਨਿਗਮ ਫਗਵਾੜਾ ਵਲੋਂ ਕੀਤਾ ਜਾ ਰਿਹਾ ਅਪਮਾਨ ਹੈ। ਉਹਨਾਂ ਦੱਸਿਆ ਕਿ ਪਹਿਲਾਂ ਇਹ ਇਲਾਕਾ ਪੰਚਾਇਤ ਵਿਚ ਸੀ ਤੇ ਹੁਣ ਨਗਰ ਨਿਗਮ ਦਾ ਹਿੱਸਾ ਹੈ ਪਰ ਪਿਛਲੇ 15 ਸਾਲ ਤੋਂ ਇੱਥੋਂ ਦੇ ਲੋਕ ਪਹਿਲਾਂ ਪੰਚਾਇਤਾਂ ਵਲ ਤੱਕਦੇ ਰਹੇ ਤੇ ਹੁਣ ਨਗਰ ਨਿਗਮ ਦੀ ਨਜਰ-ਏ-ਇਨਾਇਤ ਦੀ ਉਡੀਕ ਕਰ ਰਹੇ ਹਨ। ਚੋਣਾ ਸਮੇਂ ਸਿਆਸੀ ਆਗੂ ਵੱਡੇ-ਵੱਡੇ ਵਾਅਦੇ ਤਾਂ ਕਰਦੇ ਹਨ ਪਰ ਚੋਣ ਜਿੱਤਣ ਤੋਂ ਬਾਅਦ ਅਗਲੀਆਂ ਚੋਣਾਂ ਤੱਕ ਇਲਾਕੇ ਵਲ ਮੂੰਹ ਨਹੀਂ ਕਰਦੇ। ਮੁਹੱਲਾ ਵਾਸੀਆਂ ਨੇ ਕਿਹਾ ਕਿ ਹਰ ਸਾਲ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮਨਾਉਣ ਦੀ ਬਜਾਏ ਜੇਕਰ ਉਸ ਮਹਾਨ ਸ਼ਹੀਦ ਦੇ ਨਾਮ ਤੇ ਬਣੇ ਮੁਹੱਲਿਆਂ ਦਾ ਕਾਇਆ ਕਲਪ ਕਰ ਦਿੱਤਾ ਜਾਵੇ ਤਾਂ ਇਸ ਤੋਂ ਵੱਡੀ ਸ਼ਰਧਾਂਜਲੀ ਕੋਈ ਹੋਰ ਨਹੀਂ ਹੋ ਸਕਦੀ।