ਸਾਹਬੀ ਦਾਸੀਕੇ ਸ਼ਾਹਕੋਟੀ

ਸ਼ਾਹਕੋਟ , ਮਲਸੀਆਂ,ਵਿੱਚੋਂ ਦੀ ਲੰਘਦੀ ਜਲੰਧਰ-ਮੋਗਾ ਨੈਸ਼ਨਲ ਹਾਈਵੇ ਦੀ ਹਾਲਤ ਪਿੱਛਲੇ ਕਰੀਬ ਦੋ ਦਹਾਕਿਆ ਤੋਂ ਖਸਤਾ ਬਣੀ ਹੋਈ ਹੈ, ਇਸ ਸੜਕ ਤੋਂ ਖਾਸਕਰ ਬਰਸਾਤਾ ਦੇ ਦਿਨਾਂ ਵਿੱਚ ਲੰਘਣਾ ਕਾਫ਼ੀ ਮੁਸ਼ਕਲ ਹੋ ਜਾਂਦਾ ਹੈ ਅਤੇ ਇਸ ਸੜਕ ਨੇ ਅੱਜ-ਕੱਲ੍ਹ ਦਰਿਆ ਦਾ ਰੂਪ ਧਾਰਨ ਕੀਤਾ ਹੋਇਆ ਹੈ। ਇਸ ਸੜਕ ਦੇ ਦੋਵੇਂ ਪਾਸੇ ਜਿਥੇ ਦਰਜ਼ਾ ਦੇ ਕਰੀਬ ਬੈਂਕ ਹਨ, ਉਥੇ ਹੀ ਸਰਕਾਰੀ ਅਤੇ ਨਿੱਜੀ ਸਕੂਲ ਹੋਣ ਕਾਰਨ ਆਮ ਲੋਕਾਂ ਅਤੇ ਵਿਦਿਆਰਥੀਆਂ ਨੂੰ ਲੰਘਣ ਸਮੇਂ ਭਾਰੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਪਿੱਛਲੇ ਦਿਨੀਂ ਹਿਊਮਨ ਰਾਈਟਸ ਪ੍ਰੈੱਸ ਸ਼ਾਹਕੋਟ ਵੱਲੋਂ ਸੜਕ ਦਾ ਨਿਰਮਾਣ ਕਰਵਾਉਣ ਦੀ ਮੰਗ ਨੂੰ ਲੈ ਕੇ ਐਸ.ਡੀ.ਐੱਮ. ਸ਼ਾਹਕੋਟ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਸੀ, ਜਿਸ ਨੂੰ ਸੰਸਥਾ ਦੇ ਅਹੁਦੇਦਾਰਾਂ ਨੇ ਕਿਹਾ ਸੀ ਕਿ ਜੇਕਰ 11 ਜੁਲਾਈ ਤੱਕ ਸੜਕ ਨਾ ਬਣੀ ਤਾਂ 13 ਜੁਲਾਈ ਤੋਂ ਸੰਸਥਾ ਵੱਲੋਂ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਜਾਵੇਗਾ। ਸੜਕ ਨਾ ਬਣਨ ਕਾਰਨ ਸੰਸਥਾ ਦੇ ਜਿਲ੍ਹਾਂ ਪ੍ਰਧਾਨ ਰੂਪ ਲਾਲ ਸ਼ਰਮਾਂ ਅਤੇ ਬਲਾਕ ਪ੍ਰਧਾਨ ਮਨੋਜ ਅਰੋੜਾ ਦੀ ਅਗਵਾਈ ’ਚ ਸੰਸਥਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਮੋਗਾ ਰੋਡ ਸ਼ਾਹਕੋਟ ਵਿਖੇ ਸੋਮਵਾਰ ਤੋਂ ਅਣਮਿੱਥੇ ਸਮੇਂ ਧਰਨਾ ਦਿੰਦਿਆ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਸੰਸਥਾ ਦੇ ਜਿਲ੍ਹਾਂ ਪ੍ਰਧਾਨ ਰੂਪ ਲਾਲ ਸ਼ਰਮਾਂ ਨੇ ਕਿਹਾ ਕਿ ਸ਼ਾਹਕੋਟ ਵਿੱਚੋਂ ਦੀ ਲੰਘਦੀ ਜਲੰਧਰ-ਮੋਗਾ ਨੈਸ਼ਨਲ ਹਾਈਵੇ ਦੀ ਖਸਤਾ ਹਾਲਤ ਹੋਣ ਕਾਰਨ ਪਿੱਛਲੇ ਦੋ ਦਹਾਕਿਆ ਤੋਂ ਲੋਕ ਸੰਤਾਪ ਹੰਢਾ ਰਹੇ ਹਨ, ਪਰ ਅਜੇ ਤੱਕ ਕਿਸੇ ਨੇ ਵੀ ਇਸ ਸੜਕ ਦੀ ਸਾਰ ਨਹੀਂ ਲਈ, ਜਿਸ ਕਾਰਨ ਆਏ ਦਿਨ ਇਸ ਸੜਕ ਤੇ ਜਿਥੇ ਹਾਦਸੇ ਵਾਪਰੇ ਰਹਿੰਦੇ ਹਨ, ਉਥੇ ਹੀ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ। ਉਨਾਂ ਕਿਹਾ ਕਿ ਇਹ ਸੜਕ ਮੰਜੂਰ ਵੀ ਹੋ ਚੁੱਕੀ ਹੈ ਅਤੇ ਇਸ ਸੜਕ ਦਾ ਟੈਂਡਰ ਵੀ ਲੱਗ ਚੁੱਕਾ ਹੈ, ਪਰ ਨੈਸ਼ਨਲ ਹਾਈਵੇ ਦੇ ਅਧਿਕਾਰੀ ਸੜਕ ਨੂੰ ਬਣਾਉਣ ਵਿੱਚ ਪਤਾ ਨਹੀਂ ਕਿਓ ਦੇਰੀ ਕਰ ਰਹੇ ਹਨ। ਉਨਾਂ ਕਿਹਾ ਕਿ ਜਿਨਾਂ ਸਮਾਂ ਇਸ ਸੜਕ ਦਾ ਨਿਰਮਾਣ ਸ਼ੁਰੂ ਨਹੀਂ ਕੀਤਾ ਜਾਂਦਾ, ਉਨਾਂ ਸਮਾਂ ਧਰਨਾ ਅਤੇ ਭੁੱਖ ਹੜਤਾਲ ਜਾਰੀ ਰੱਖੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਮਰਜੀਤ ਕੌਰ ਜਿਲ੍ਹਾ ਪ੍ਰਧਾਨ ਮਹਿਲਾ ਵਿੰਗ, ਪਿੰਦਰਜੀਤ ਕੌਰ ਵਲੰਟੀਅਰ, ਰਮਨਪ੍ਰੀਤ ਕੌਰ ਵਲੰਟੀਅਰ, ਜਸਪਾਲ ਸਿੰਘ ਮਿਗਲਾਣੀ, ਸੁਖਵਿੰਦਰ ਸਿੰਘ ਪਿੱਪਲੀ, ਬਾਬਾ ਸੰਤੋਖ ਸਿੰਘ ਮਲਸੀਆਂ, ਬਿਪਨ ਕੁਮਾਰ, ਚਮਕੌਰ ਸਿੰਘ ਚੱਕ ਬਾਹਮਣੀਆਂ, ਬਲਵੀਰ ਸਿੰਘ ਢਿੱਲੋਂ, ਪਲਵਿੰਦਰ ਸਿੰਘ ਢਿੱਲੋਂ, ਅੰਮ੍ਰਿਤਪਾਲ ਸਿੰਘ, ਬਿੰਦਰ ਕੁਮਾਰ ਮਲਸੀਆਂ ਪ੍ਰੈੱਸ ਸਕੱਤਰ, ਰਾਹੁਲ ਕੋਟਲੀ, ਜਸ਼ਨ ਕੋਟਲੀ, ਰਾਜ ਕੁਮਾਰ ਆਦਿ ਹਾਜ਼ਰ ਸਨ।