ਬਿਊਰੋ ਰਿਪੋਰਟ-
ਪੰਜਾਬੀ ਤੇ ਹਿੰਦੀ ਭਾਸ਼ਾ ‘ਤੇ ਟਿੱਪਣੀ ਕਰ ਵਿਵਾਦਾਂ ‘ਚ ਘਿਰੇ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਕੈਨੇਡਾ ‘ਚ ਸ਼ੋਅ ਦੌਰਾਨ ‘ਹਰ ਬੋਲੀ ਸਿੱਖੋ, ਸਿੱਖਣੀ ਵੀ ਚਾਹੀਦੀ’ ਗੀਤ ਗਾਉਂਦਿਆਂ ਆਪਣੀ ਟਿੱਪਣੀ ਨੂੰ ਸਪਸ਼ਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਦੇ ਨਹੀਂ ਕਿਹਾ ਕਿ ਆਪਣੀ ਮਾਂ ਬੋਲੀ ਨੂੰ ਛੱਡ ਦਿਉ, ਸਗੋਂ ਦੂਜੀਆਂ ਭਾਸ਼ਾਵਾਂ ਨੂੰ ਵੀ ਸਿੱਖਣਾ ਚਾਹੀਦਾ ਹੈ। ਗੁਰਦਾਸ ਮਾਨ ਨੇ ਕਿਹਾ ਕਿ ਫਿਲਮੀ ਅਦਾਕਾਰ ਧਰਮਿੰਦਰ ਨੇ ਕਿੰਨੀਆਂ ਹਿੰਦੀ ਫਿਲਮਾਂ ਕੀਤੀਆਂ ਤੇ ਪੰਜਾਬੀਆਂ ਦਾ ਨਾਮ ਪੂਰੀ ਦੁਨੀਆ ‘ਚ ਚਮਕਾਇਆ। ਮਾਨ ਨੇ ਕਿਹਾ ਕਿ ਜਿਹੜੇ ਪੰਜਾਬੀ ਕੈਨੇਡਾ ਅਮਰੀਕਾ ਆ ਕੇ ਵੱਸ ਗਏ ਹਨ, ਉਨ੍ਹਾਂ ਦੇ ਬੱਚੇ ਜਨਮ ਤੋਂ ਹੀ ਅੰਗ੍ਰੇਜ਼ੀ ਸਿੱਖਦੇ ਨੇ ਪਰ ਉਸਦੇ ਨਾਲ ਉਹ ਵੱਡੇ ਹੋ ਕੇ ਫਰੈਂਚ ਭਾਸ਼ਾ ਵੀ ਸਿੱਖਦੇ ਨੇ।

ਮਾਨ ਨੇ ਕਿਹਾ ਕਿ ਹਿੰਦੀ ‘ਚ ਪੰਜਾਬ ਦੇ ਨਾਮੀ ਗਾਇਕ ਦਿਲਜੀਤ ਨੇ ਫਿਲਮ ਬਣਾਈ, ਜਿਸਨੇ ਸਾਰਿਆਂ ਦਾ ਮਾਣ ਵਧਾਇਆ, ਤਾਂ ਕੀ ਹੁਣ ਦਿਲਜੀਤ ਨੂੰ ਸੁਣਨਾ ਬੰਦ ਕਰ ਦੇਈਏ। ਉਨ੍ਹਾਂ ਕਿਹਾ ਕਿ ਜੇਕਰ ਬੱਚੇ ਆਪਣੀ ਮਾਂ ਬੋਲੀ ਪੰਜਾਬੀ ਦੇ ਨਾਲ ਨਾਲ ਹਿੰਦੀ ਸਿੱਖਦੇ ਨੇ ਤਾਂ ਕੀ ਹਰਜ਼ ਹੈ ? ਕਿਉਂਕਿ ਅੱਗੇ ਚੱਲ ਕੇ ਉਨ੍ਹਾਂ ਬੱਚਿਆਂ ਨੇ ਪੂਰੇ ਹਿੰਦੁਸਤਾਨ ‘ਚ ਆਪਣੀ ਪਹਿਚਾਣ ਬਣਾਉਣੀ ਹੈ ਜਿਥੇ ਉਨ੍ਹਾਂ ਨੂੰ ਇੱਕ ਸਾਂਝੀ ਭਾਸ਼ਾ ਦੀ ਹੀ ਲੋੜ ਪੈਣੀ ਹੈ। ਮਾਨ ਨੇ ਤਮਿਲ ਫਿਲਮਾਂ ਦੇ ਸਟਾਰ ਰਜਨੀਕਾਂਤ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਰਜਨੀਕਾਂਤ ਨੇ ਅਨੇਕਾਂ ਹੀ ਹਿੰਦੀ ਫਿਲਮਾਂ ਕੀਤੀਆਂ ਹਨ ਤੇ ਅੱਜ ਵੀ ਉਸਦੀਆਂ ਫਿਲਮਾਂ ਨੂੰ ਹਿੰਦੀ ‘ਚ ਡੱਬ ਕੀਤਾ ਜਾਂਦਾ ਹੈ ਤਾਂ ਕਿ ਹਰ ਕੋਈ ਉਸਦੀਆਂ ਫਿਲਮਾਂ ਨੂੰ ਦੇਖ ਸਕੇ।

ਗੁਰਦਾਸ ਮਾਨ ਨੇ ਅੰਤ ‘ਚ ਆਪਣੇ ਗਾਣੇ ‘ਹਰ ਬੋਲੀ ਸਿੱਖੋ, ਸਿੱਖਣੀ ਵੀ ਚਾਹੀਦੀ, ਪਰ ਕੱਚੀ ਵੇਖ ਕੇ ਪੱਕੀ ਨਹੀਂ ਢਾਹੀਦੀ’ ਗੁਣਗੁਣਾਇਆ ਤੇ ਹਾਲ ‘ਚ ਬੈਠੇ ਦਰਸ਼ਕਾਂ ਨੂੰ ਖੂਬ ਤਾੜੀਆਂ ਨਾਲ ਉਸਦੇ ਇੰਨ੍ਹਾਂ ਬੋਲਾਂ ਦਾ ਸਵਾਗਤ ਕੀਤਾ।