ਫਗਵਾੜਾ (ਡਾ ਰਮਨ)
ਕੋਰੋਨਾ ਵਾਇਰਸ ਨੂੰ ਲੈ ਕੇ ਅੱਜ ਹਰ ਪਾਸੇ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਹੀ ਨਹੀਂ ਅਫ਼ਵਾਹਾਂ ਤੇ ਗਲਤ ਧਾਰਨਾਵਾਂ ਦੇ ਚੱਲਦਿਆਂ ਵੀ ਆਮ ਲੋਕਾਂ ਵਿਚ ਕਈ ਤਰਾਂ ਦੀਆਂ ਗ਼ਲਤ ਫਹਿਮੀਆਂ ਘਰ ਕਰ ਰਹੀਆਂ ਹਨ, ਜਿਨਾਂ ਤੋਂ ਬਚਣ ਅਤੇ ਜਾਗਰੂਕ ਰਹਿਣ ਦੀ ਲੋੜ ਹੈ। ਇਹ ਸ਼ਬਦ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਨੂੰ ਲੈ ਕੇ ਕਿਸੇ ਵੀ ਤਰਾਂ ਦੀ ਅਫ਼ਵਾਹ ਤੋਂ ਬਚਣ ਦੇ ਸਬੰਧ ਵਿਚ ਕਹੇ। ਉਨਾਂ ਕਿਹਾ ਕਿ ਪਿਛਲੇ ਦਿਨੀਂ ਇਹ ਵੀ ਦੇਖਣ ਵਿਚ ਆ ਰਿਹਾ ਹੈ ਕਿ ਜੇਕਰ ਕਿਸੇ ਵਿਅਕਤੀ ਦੀ ਮੌਤ ਹੋ ਰਹੀ ਹੈ, ਉਸ ਨੂੰ ਕੋਰੋਨਾ ਬਿਮਾਰੀ ਨਾਲ ਜੋੜਿਆ ਜਾ ਰਿਹਾ ਹੈ, ਜੋ ਕਿ ਬੇਹੱਦ ਗ਼ਲਤ ਹੈ। ਡਾ. ਜਸਮੀਤ ਬਾਵਾ ਨੇ ਕਿਹਾ ਕਿ ਮਿ੍ਰਤਕ ਦੇ ਰਿਸ਼ਤੇਦਾਰਾਂ ਨੂੰ ਅਜਿਹੇ ਸਮੇਂ ਵਿਚ ਸਭਨਾਂ ਦੇ ਭਾਵਨਾਤਮਕ ਸਾਥ ਦੀ ਲੋੜ ਹੁੰਦੀ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸੰਜਮ ਬਣਾ ਕੇ ਰੱਖੋ ਅਤੇ ਕੋਰੋਨਾ ਵਾਇਰਸ ਦੇ ਡਰ ਨੂੰ ਆਪਸੀ ਰਿਸ਼ਤਿਆਂ ’ਤੇ ਭਾਰੂ ਨਾ ਪੈਣ ਦਿਓ। ਉਨਾਂ ਲੋਕਾਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਦਾ ਸਹਿਯੋਗ ਕਰਨ ਲਈ ਕਿਹਾ ਅਤੇ ਸਿਹਤ ਵਿਭਾਗ ਨੂੰ ਕਿਸੇ ਵੀ ਤਰਾਂ ਦੀ ਗ਼ਲਤ ਸੂਚਨਾ ਨਾ ਦੇਣ ਦੀ ਅਪੀਲ ਵੀ ਕੀਤੀ ਹੈ। ਸਿਵਲ ਸਰਜਨ ਨੇ ਕਿਹਾ ਕਿ ਇਸ ਸਮੇਂ ਮੌਸਮ ਵਿਚ ਖਾਂਸੀ, ਜੁਕਾਮ ਹੋਣਾ ਆਮ ਗੱਲ ਹੈ ਅਤੇ ਹਰ ਖਾਂਸੀ, ਜੁਕਾਮ ਕੋਰੋਨਾ ਨਹੀਂ ਹੈ। ਉਨਾਂ ਦੱਸਿਆ ਕਿ ਜ਼ਿਲੇ ਵਿਚ ਅਜੇ ਤੱਕ ਕੋਰੋਨਾ ਦਾ ਕੋਈ ਪਾਜੇਟਿਵ ਕੇਸ ਨਹੀਂ ਹੈ। ਇਸ ਤੋਂ ਇਲਾਵਾ ਉਨਾਂ ਲੋਕਾ ਨੂੰ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਜਾ ਰਹੇ ਨਿਰਦੇਸ਼ਾਂ ਦਾ ਪਾਲਣ ਕਰਨ ਦੀ ਵੀ ਅਪੀਲ ਕੀਤੀ। ਉਨਾਂ ਇਹ ਵੀ ਜ਼ੋਰ ਦਿੱਤਾ ਕਿ ਬੇਵਜਾ ਘਰਾਂ ਤੋਂ ਨਾ ਨਿਕਲਿਆ ਜਾਵੇ ਅਤੇ ਬੱਚਿਆਂ ਤੇ ਬਜ਼ੁਰਗਾਂ ਦਾ ਖਾਸ ਖਿਆਲ ਰੱਖਿਆ ਜਾਵੇ। ਉਨਾਂ ਕਿਹਾ ਕਿ ਇਸ ਔਖੀ ਘੜੀ ਵਿਚ ਕੋਰੋਨਾ ਖਿਲਾਫ਼ ਜੰਗ ਨੂੰ ਸਭ ਰਲ-ਮਿਲ ਕੇ ਸਕਾਰਾਤਮਕ ਰਹਿ ਕੇ ਹੀ ਮਾਤ ਦਿੱਤੀ ਜਾ ਸਕਦੀ ਹੈ।