ਫਗਵਾੜਾ (ਡਾ ਰਮਨ / ਅਜੇ ਕੋਛੜ ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਮੂਹ ਦੇਸ਼ ਵਾਸੀਆਂ ਨੂੰ 5 ਅਪ੍ਰੈਲ ਨੂੰ ਰਾਤ 9 ਵਜੇ 9 ਮਿਨਟ ਲਈ ਘਰ ਦੀਆਂ ਬੱਤੀਆਂ ਬੰਦ ਕਰਕੇ ਦੀਵੇ, ਮੋਮਬੱਤੀਆਂ ਤੇ ਟਾਰਚਾਂ ਬਾਲਣ ਦੀ ਕੀਤੀ ਅਪੀਲ ਨੂੰ ਹਾਸੋ-ਹੀਣੀ ਅਪੀਲ ਦੱਸਦਿਆਂ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਲੋਕ ਇਸ ਸਮੇਂ ਭਾਰੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਅਜਿਹੇ ਮਾਹੌਲ ਵਿਚ ਮੋਦੀ ਨੂੰ ਜਨਤਾ ਨਾਲ ਅਜਿਹੇ ਮਖੌਲ ਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਾਜ ਨੂੰ ਅਜਿਹੇ ਵਹਿਮਾ ਭਰਮਾ ਦਾ ਤਿਆਗ ਕਰਨ ਦਾ ਉਪਦੇਸ਼ ਦਿੱਤਾ ਸੀ ਪਰ ਮੋਦੀ ਅਤੇ ਆਰ.ਐਸ.ਐਸ. ਜਮਾਤ ਦੇ ਲੋਕ ਦੁਬਾਰਾ ਲੋਕਾਂ ਨੂੰ ਵਹਿਮਾ ਭਰਮਾਂ ਵਿਚ ਪਾਉਣ ਦਾ ਕੰਮ ਕਰ ਰਹੇ ਹਨ। ਜੇਕਰ ਦੀਵੇ-ਮੋਮਬੱਤੀਆਂ ਬਾਲਣ ਨਾਲ ਕੋਰੋਨਾ ਵਾਇਰਸ ਵਰਗੀ ਭਿਆਨਕ ਮਹਾਮਾਰੀ ਨੂੰ ਕੰਟ੍ਰੋਲ ਕੀਤਾ ਜਾ ਸਕਦਾ ਹੁੰਦਾ ਤਾਂ ਸੱਭ ਤੋਂ ਪਹਿਲਾ ਇਟਲੀ ਅਤੇ ਅਮਰੀਕਾ ਵਰਗੇ ਦੇਸ਼ ਅਜਿਹਾ ਕਰਦੇ ਅੱਤੇ ਹਜ਼ਾਰਾਂ ਲੋਕਾਂ ਨੂੰ ਜਾਨ ਨਾ ਗੁਆਉਣੀ ਪੈਂਦੀ। ਉਹਨਾਂ ਕਿਹਾ ਕਿ ਅੱਠਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਚੇਚਕ ਦੀ ਬਿਮਾਰੀ ਨੂੰ ਆਪਣੇ ਸਿਰ ਲੈ ਕੇ ਲੋਕਾਂ ਦਾ ਦੁੱਖ ਦੂਰ ਕੀਤਾ ਸੀ ਅਤੇ ਮੋਦੀ ਨੂੰ ਚਾਹੀਦਾ ਹੈ ਕਿ ਦੇਸ਼ ਨੂੰ ਇਸ ਮਹਾਮਾਰੀ ਦੇ ਸੰਕਟ ਵਿਚੋਂ ਕੱਢਣ ਲਈ ਕੋਈ ਠੋਸ ਉਪਰਾਲਾ ਕਰਨ। ਤਾਲਾਬੰਦੀ ਅਤੇ ਕਰਫਿਊ ਨਾਲ ਲੋਕਾਂ ਨੂੰ ਭਾਰੀ ਆਰਥਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਨਤਾ ਭੁੱਖੀ ਮਰਨ ਦੇ ਕੰਡੇ ਖੜੀ ਹੈ ਇਸ ਲਈ ਵਹਿਮਾ-ਭਰਮਾ ਨੂੰ ਛੱਡ ਕੇ ਜਿੱਮੇਵਾਰ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਆਮ ਲੋਕਾਂ ਤੱਕ ਜਰੂਰੀ ਰਾਹਤ ਅਤੇ ਸਹੂਲਤਾਂ ਪਹੁੰਚਾਉਣ ਦੀ ਦਿਸ਼ਾ ਵਿਚ ਕੰਮ ਕੀਤਾ ਜਾਵੇ।