* ਕਾਂਗਰਸ ਨੇ ਹਿੰਦੂ ਸਮਾਜ ਦੀਆਂ ਭਾਵਨਾਵਾਂ ਦਾ ਹਮੇਸ਼ਾ ਸਨਮਾਨ ਕੀਤਾ
ਫਗਵਾੜਾ (ਡਾ ਰਮਨ ) ਅਯੁਧਿਆ ਵਿਖੇ ਭਗਵਾਨ ਰਾਮ ਦੇ ਜਨਮ ਅਸਥਾਨ ਉੱਪਰ ਮੰਦਰ ਦੀ ਉਸਾਰੀ ਸ਼ੁਰੂ ਹੋਣ ਦੇ ਮਸਲੇ ਤੇ ਅੱਜ ਇੱਥੇ ਗੱਲਬਾਤ ਦੌਰਾਨ ਟਿੱਪਣੀ ਕਰਦਿਆਂ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਸੂਬੇ ਦ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਹਿੰਦੂ ਸਮਾਜ ਦੀਆਂ ਭਾਵਨਾਂ ਦਾ ਕਾਂਗਰਸ ਪਾਰਟੀ ਅਤੇ ਉਹ ਨਿਜੀ ਤੌਰ ਤੇ ਵੀ ਸਨਮਾਨ ਕਰਦੇ ਹਨ। ਕਾਂਗਰਸ ਹਮੇਸ਼ਾ ਕੋਰਟ ਦੇ ਫੈਸਲੇ ਨਾਲ ਮੰਦਰ ਦੀ ਉਸਾਰੀ ਦੇ ਹੱਕ ਵਿਚ ਰਹੀ ਹੈ ਤੇ ਜਦੋਂ ਕੋਰਟ ਨੇ ਫੈਸਲਾ ਹਿੰਦੂ ਸਮਾਜ ਦੇ ਹੱਕ ਵਿਚ ਦਿੱਤਾ ਗਿਆ ਤਾਂ ਕਾਂਗਰਸ ਨੇ ਫੈਸਲੇ ਦਾ ਸਵਾਗਤ ਕੀਤਾ ਪਰ ਕਿਸੇ ਧਾਰਮਿਕ ਮਸਲੇ ਨੂੰ ਸਿਆਸੀ ਲਾਭ ਲਈ ਇਸਤੇਮਾਲ ਕਰਨਾ ਕਾਂਗਰਸ ਦੀ ਵਿਚਾਰਧਾਰਾ ਨਹੀਂ ਹੈ। ਉਹਨਾਂ ਦੱਸਿਆ ਕਿ ਲੋਕ ਸਿਰਫ ਇਹੋ ਜਾਣਦੇ ਹਨ ਕਿ 1986 ਵਿਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਵਲੋਂ ਮੰਦਰ ਦੇ ਤਾਲੇ ਖੁਲ•ਵਾਏ ਜਾਣ ਤੋਂ ਬਾਅਦ ਆਰ.ਐਸ.ਐਸ. ਭਾਜਪਾ ਤੇ ਹੋਰ ਹਿੰਦੂਵਾਦੀ ਸੰਗਠਨਾਂ ਨੇ ਤਿੱਖਾ ਅੰਦੋਲਨ। ਉਹਨਾਂ ਦੱਸਿਆ ਕਿ ਬਹੁਤ ਘੱਟ ਲੋਕ ਇਸ ਗੱਲ ਨੂੰ ਜਾਣਦੇ ਹੋਣਗੇ ਕਿ ਸੁਪਰੀਮ ਕੋਰਟ ਨੇ ਜਿਸ ਰਾਮਲਲਾ ਵਿਰਾਜਮਾਨ ਦੇ ਪੱਖ ਵਿਚ ਫੈਸਲਾ ਸੁਣਾਇਆ ਹੈ ਉਸਨੂੰ ਅਦਾਲਤ ਵਿਚ ਪਾਰਟੀ ਬਨਾਉਣ ਦਾ ਸੁਝਾਅ ਸਾਲ 1989 ‘ਚ ਉਸ ਸਮੇਂ ਦੇ ਕੇਂਦਰੀ ਗ੍ਰਹਿ ਮੰਤਰ ਸ੍ਰ. ਬੂਟਾ ਸਿੰਘ ਨੇ ਹੀ ਵਿਸ਼ਵ ਹਿੰਦੂ ਪਰਿਸ਼ਦ ਨੂੰ ਦਿੱਤਾ ਸੀ ਅਤੇ ਕਿਹਾ ਸੀ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਹਿੰਦੂ ਅਦਾਲਤ ਵਿਚ ਲੜਾਈ ਹਾਰ ਜਾਣਗੇ। ਮਾਨ ਨੇ ਦੱਸਿਆ ਕਿ ਜਦੋਂ 1989 ਵਿਚ ਮੰਦਰ ਦਾ ਅੰਦੋਲਨ ਆਪਣੇ ਸਿਖਰ ਤੇ ਸੀ ਅਤੇ ਦੇਸ਼ ਵਿਚ ਮੰਦਰ-ਮਸਜਿਦ ਦੇ ਨਾਮ ਤੇ ਫਿਰਕੂ ਦੰਗਿਆਂ ਦਾ ਖਤਰਾ ਬਣ ਗਿਆ ਸੀ ਤਾਂ ਉਸ ਸਮੇਂ ਦੇ ਕੇਂਦਰੀ ਗ੍ਰਹਿ ਮੰਤਰੀ ਸ੍ਰ. ਬੂਟਾ ਸਿੰਘ ਨੇ ਸਾਰੇ ਦਸਤਾਵੇਜ ਦੇਖਣ ਤੋਂ ਬਾਅਦ ਵਿਸ਼ਵ ਹਿੰਦੂ ਪਰਿਸ਼ਦ ਦੇ ਆਗੂਆਂ ਨੂੰ ਬੁਲਾਇਆ ਅਤੇ ਦੱਸਿਆ ਕਿ ਅੰਦਲੋਨ ਨਾਲ ਮੰਦਰ ਨਹੀਂ ਬਣ ਸਕੇਗਾ। ਇਸ ਦੇ ਲਈ ਜਾਂ ਤਾਂ ਕੋਰਟ ਵਿਚ ਕੇਸ ਜਿੱਤਣਾ ਹੋਵੇਗਾ ਤੇ ਜਾਂ ਸੰਸਦ ਵਿਚ ਕਾਨੂੰਨ ਬਣਾ ਕੇ ਇਹ ਸੰਭਵ ਹੈ। ਬੂਟਾ ਸਿੰਘ ਨੇ ਹਿੰਦੂ ਲੀਡਰਾਂ ਨੂੰ ਸਮਝਾਇਆ ਕਿ ਉਹ ਪੂਜਾ ਦੇ ਅਧਿਕਾਰ ਅਤੇ ਪ੍ਰਬੰਧਨ ਲਈ ਅਦਾਲਤ ਵਿਚ ਲੜਾਈ ਲੜ ਰਹੇ ਹਨ ਜਦਕਿ ਸੁੰਨੀ ਵਕਫ ਬੋਰਡ ਜਗ•ਾ ਦੇ ਮਾਲਕਾਨਾ ਹੱਕ ਦਾ ਦਾਅਵਾ ਕਰ ਰਿਹਾ ਹੈ। ਇਸ ਲਈ ਹਿੰਦੂ ਪੱਖ ਨੂੰ ਵੀ ਮਾਲਕਾਨਾ ਹੱਕ ਦਾ ਦਾਅਵਾ ਕਰਨਾ ਚਾਹੀਦਾ ਹੈ ਨਹੀਂ ਤਾ ਅਦਾਲਤੀ ਫੈਸਲਾ ਸੁੰਨੀ ਵਕਫ ਬੋਰਡ ਦੇ ਹੱਕ ਵਿਚ ਚਲਾ ਜਾਵੇਗਾ। ਜਿਸ ਤੋਂ ਬਾਅਦ ਹੀ ਰਾਮਲਲਾ ਵਿਰਾਜਮਾਨ ਨੂੰ ਪੱਖਕਾਰ ਬਣਾਇਆ ਗਿਆ ਅਤੇ ਅਖੀਰ ਸੁਪਰੀਮ ਕੋਰਟ ਦੀ ਸੁਣਵਾਈ ਕਰ ਰਹੀ ਬੈਂਚ ਨੇ ਇਸ ਕੇਸ ਦਾ ਫੈਸਲਾ ਰਾਮ ਲਲਾ ਵਿਰਾਜਮਾਨ ਦੇ ਪੱਖ ਵਿਚ ਕੀਤਾ। ਜਿਕਰਯੋਗ ਹੈ ਕਿ ਜੋਗਿੰਦਰ ਸਿੰਘ ਮਾਨ ਸ੍ਰ. ਬੂਟਾ ਸਿੰਘ ਦੇ ਭਾਣਜੇ ਹਨ। ਉਹਨਾਂ ਕਿਹਾ ਕਿ ਕਾਂਗਰਸ ਮੰਦਰ ਵਿਰੋਧੀ ਨਹੀਂ ਹੈ ਪਰ ਰਾਜਨੀਤੀ ਨੂੰ ਹਮੇਸ਼ਾ ਧਰਮ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ ਇਹੋ ਰਾਜ ਧਰਮ ਹੈ ਜਿਸ ਤੇ ਕਾਂਗਰਸ ਹਮੇਸ਼ਾ ਪਹਿਰਾ ਦਿੰਦੀ ਰਹੀ ਹੈ ਤੇ ਅੱਗੇ ਵੀ ਦਿੰਦੀ ਰਹੇਗੀ।