*ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਯੂਨੀਅਨ ਪਾਸ਼ਟਾਂ ਬਲਾਕ ਦੀਆਂ ਆਸ਼ਾ ਵਰਕਰਾਂ ਨੇ ਕੀਤੀ ਕਾਰਵਾਈ ਦੀ ਮੰਗ।
ਫਗਵਾੜਾ (ਡਾ ਰਮਨ ) ਕੋਰੋਨਾ ਟੈਸਟ ਲਈ ਸੈਂਪਲ ਕਰਵਾਉਣ ਸਬੰਧੀ ਆਸ਼ਾ ਵਰਕਰਾਂ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਸਮੇਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਝੂਠੀਆਂ ਖਬਰਾਂ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੋਂ ਤੱਕ ਕਿ ਕਈ ਪਿੰਡਾਂ ਵਿੱਚ ਕੋਰੋਨਾ ਸੈਂਪਲ ਲੈਣ ਆਈਆਂ ਟੀਮਾਂ ਦਾ ਬਾਈਕਾਟ ਹੋਣ ਦੀਆਂ ਖਬਰਾਂ ਵੀ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣ ਰਹੀਆਂ ਹਨ, ਜਿਸ ਦੇ ਚਲਦਿਆਂ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਹੁੰਦੀ ਖੱਜਲ- ਖੁਆਰੀ ਹੋਣ ਤੋਂ ਤੰਗ ਆਏ ਲੋਕਾਂ ਨੇ ਕੋਰੋਨਾ ਟੈਸਟ ਲਈ ਪ੍ਰੇਰਿਤ ਕਰਨ ਵਾਲੀਆਂ ਆਸ਼ਾ ਵਰਕਰਾਂ ਨੂੰ ਵੀ ਅਪਣੇ ਰੋਹ ਦਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਯੂਨੀਅਨ ਪੰਜਾਬ ਪਾਸ਼ਟਾਂ ਬਲਾਕ ਦੀ ਪ੍ਰਧਾਨ ਪੁਸ਼ਪਿੰਦਰ ਕੌਰ ਅਠੌਲੀ ਅਤੇ ਆਸ਼ਮਾ ਰਾਣੀ ਵਿੱਤ ਸਕੱਤਰ ਨੇ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਇੱਕ ਵਾਇਰਲ ਹੋਈ ਵੀਡੀਓ ਵਿੱਚ ਆਸ਼ਾ ਵਰਕਰਾਂ ਨੂੰ ਕੋਰੋਨਾ ਪੋਜ਼ੀਟਿਵ ਮਰੀਜ਼ ਦੇ ਪੰਜਾਹ ਹਜ਼ਾਰ ਰੁਪਏ ਪ੍ਰਤੀ ਵਿਅਕਤੀ ਮਿਲਣ ਅਤੇ ਹਰ ਆਸ਼ਾ ਵਰਕਰ ਨੂੰ ਲਾਜ਼ਮੀ ਤੌਰ ‘ਤੇ ਹਰ ਰੋਜ ਦੋ ਮਰੀਜ਼ ਕੋਰੋਨਾ ਟੈਸਟ ਲਈ ਸੈਂਪਲ ਕਰਵਾਉਣ ਲਈ ਲਿਆਉਣ ਦੀ ਝੂਠੀ ਅਫ਼ਵਾਹ ਫੈਲਾਉਣ ਕਾਰਨ ਵੱਖ- ਵੱਖ ਸੋਸ਼ਲ ਮੀਡੀਆ ਗਰੁੱਪਾਂ ਵਿੱਚ ਆਸ਼ਾ ਵਰਕਰਾਂ ਨੂੰ ਪਿੰਡ ਵਿੱਚ ਨਾ ਵੜਨ ਦੇਣ ਦੇ ਸੁਨੇਹੇ ਫ਼ੈਲਣ ਕਾਰਨ ਵਰਕਰਾਂ ਨੂੰ ਗਰਭਵਤੀ ਔਰਤਾਂ ਦੀ ਸਾਂਭ-ਸੰਭਾਲ ਲਈ ਉਨ੍ਹਾਂ ਦੇ ਘਰਾਂ ਵਿੱਚ ਜਾਣਾ ਮੁਸ਼ਕਲ ਹੋ ਗਿਆ ਹੈ। ਪਾਸ਼ਟਾਂ ਬਲਾਕ ਦੇ ਇੱਕ- ਦੋ ਪਿੰਡਾਂ ਵਿੱਚ ਕੋਰੋਨਾ ਸੈਂਪਲ ਲੈਣ ਗਏ ਵਰਕਰਾਂ ਨੂੰ ਲੋਕਾਂ ਦੇ ਰੋਸ ਦਾ ਸਾਹਮਣਾ ਕਰਨਾ ਪਿਆ ਹੈ। ਉਕਤ ਮਾਮਲੇ ਨੂੰ ਸਿਵਲ ਸਰਜਨ ਕਪੂਰਥਲਾ ਅਤੇ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆ ਕੇ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਜ ਪਹਿਲਾਂ ਹੀ ਕੋਰੋਨਾ ਮਹਾਂਮਾਰੀ ਦੀ ਆਫਤ ਦੌਰਾਨ ਸੰਕਟਮਈ ਸਥਿਤੀ ਵਿੱਚ ਆਰਥਿਕ ਤੌਰ ‘ਤੇ ਮਾੜੇ ਹਾਲਾਤਾਂ ਵਿੱਚ ਗੁਜ਼ਾਰਾ ਕਰਨ ਲਈ ਮਜ਼ਬੂਰ ਹਨ। ਪਿੰਡਾਂ ਵਿੱਚ ਉਨ੍ਹਾਂ ਦੇ ਬਾਈਕਾਟ ਅਤੇ ਮਾਨ ਸਨਮਾਨ ਦੇ ਵਿਰੁੱਧ ਝੂਠੇ ਸੁਨੇਹੇ ਕਾਰਨ ਉਨ੍ਹਾਂ ਦਾ ਸਰਕਾਰੀ ਕੰਮ ਪ੍ਰਭਾਵਿਤ ਹੋ ਰਿਹਾ ਹੈ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਹੋ ਜਿਹੀਆਂ ਝੂਠੀਆਂ ਖਬਰਾਂ ਪੇਸ਼ ਕਰਨ ਵਾਲੇ ਵੈਬ ਚੈਨਲ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਜ ਨੂੰ ਸਹਿਯੋਗ ਦੇਣ ਦੀਆਂ ਹਿਦਾਇਤਾਂ ਵੀ ਜਾਰੀ ਕੀਤੀਆਂ ਜਾਣ। ਉਨ੍ਹਾਂ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਵਰਕਰ ਦਾ ਕੋਈ ਨੁਕਸਾਨ ਹੋਇਆ ਤਾਂ ਇਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਹੋਵੇਗੀ।ਇਸ ਮੌਕੇ ਅਨੀਤਾ, ਮਨਜੀਤ ਕੌਰ, ਹਰਵਿੰਦਰ ਕੌਰ, ਰੀਨਾ ਰਾਣੀ, ਵੀਨਾ, ਜਸਵਿੰਦਰ ਕੌਰ, ਵਰਿੰਦਰ ਕੌਰ, ਸਰਬਜੀਤ ਕੌਰ ਅਤੇ ਊਸ਼ਾ ਰਾਣੀ ਆਦਿ ਵੀ ਹਾਜ਼ਰ ਸਨ