ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਸਤਵ ਸਮਾਗਮ ਵਿੱਚ ਸ਼ਾਮਲ ਹੋਣ ਲਈ ਵਿਧਾਇਕ ਜ਼ੀਰਾ ਕੁਲਬੀਰ ਸਿੰਘ ਜ਼ੀਰਾ ਆਪਣੇ ਸੈਂਕੜੇ ਸਾਥੀਆਂ ਸਮੇਤ ਪੈਦਲ ਚੱਲ ਕੇ ਗੁਰਦੁਆਰਾ ਬੇਰ ਸਾਹਿਬ ਸੁਲਤਾਨਪਪੁਰ ਲੋਧੀ ਪੁੱਜੇ । ਜ਼ੀਰਾ ਹਲਕੇ ਦੇ ਵਿਚੋਂ ਪੰਚ , ਸਰਪੰਚ ਅਤੇ ਹੋਰ ਫੁਰਤੀਲੇ ਨੌਜਵਾਨ ਸਵੇਰੇ ਪਿੰਡ ਜੋਗਾ ਵਾਲਾ ਵਿਖੇ ਇਕੱਤਰ ਹੋਏ । ਇੱਥੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਕੇਸਰੀ ਨਿਸ਼ਾਨ ਲੈ ਕੇ ਜੈਕਾਰੇ ਛੱਡਦੇ ਹੋਏ ਇਹ ਜਥਾ ਸੁਲਤਾਨਪੁਰ ਲੋਧੀ ਲਈ ਰਵਾਨਾ ਹੋਇਆ । ਜਥੇ ਦੇ ਅੱਗੇ ਸਾਊਂਡ ਸਿਸਟਮ ਰਾਹੀਂ ਗੁਰੂਘਰ ਦੀ ਮਹਿਮਾ ਗਾਈ ਜਾ ਰਹੀ ਸੀ । ਕਾਫ਼ਲੇ ਦੇ ਰੂਪ ਵਿੱਚ ਚੱਲ ਰਹੀ ਸੰਗਤ ਦੀ ਅਗਵਾਈ ਖੁਦ ਵਿਧਾਇਕ ਜ਼ੀਰਾ ਕੁਲਬੀਰ ਸਿੰਘ ਜ਼ੀਰਾ ਪੈਦਲ ਚੱਲ ਕੇ ਕਰ ਰਹੇ ਸਨ । ਇਸ ਮੌਕੇ ਬਿਰਧ ਅਵਸਥਾ ਵਾਲੇ ਅਤੇ ਏਨਾ ਲੰਬਾ ਸਫ਼ਰ ਪੈਦਲ ਨਾ ਕਰਨ ਦੀ ਸਮਰਥਾ ਰੱਖਦੇ ਜ਼ੀਰਾ ਦੇ ਸਮਰਥਕ ਕਾਰਾਂ ਰਾਹੀਂ ਨਾਲ ਚੱਲ ਰਹੇ ਸਨ । ਇਸ ਮੌਕੇ ਕੁਲਬੀਰ ਸਿੰਘ ਜ਼ੀਰਾ ਨੇ ਬਾਬੂਸ਼ਾਹੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੈਦਲ ਚੱਲ ਕੇ ਉਹ ਪਹਿਲੀ ਪਾਤਸ਼ਾਹੀ ਵੱਲੋਂ ਦਿੱਤੇ ਸੰਦੇਸ਼ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦੇ ਮਨੋਰਥ ਨੂੰ ਲੈ ਕੇ ਚੱਲ ਰਹੇ ਹਨ । ਉਨ੍ਹਾਂ ਕਿਹਾ ਕਿ ਅਜ ਦੇ ਦਿਨ ਨੌਜਵਾਨ ਪੀੜੀ ਨੂੰ ਨਸ਼ਿਆਂ ਦੇ ਨਾਲ ਹੀ ਹੋਰ ਭੈੜੀਆਂ ਅਲਾਮਤਾਂ ਤਿਆਗਣ ਦਾ ਪ੍ਰਣ ਕਰਨਾ ਚਾਹੀਦਾ ਹੈ । ਰਸਤੇ ਵਿੱਚ ਅਨੇਕਾਂ ਥਾਵਾਂ ਤੇ ਜੈਕਾਰੇ ਛੱਡ ਕੇ ਅਤੇ ਇਸ ਜਥੇ ਦੀ ਅਗਵਾਈ ਕਰ ਰਹੇ ਆਗੂਆਂ ਨੂੰ ਸਿਰੋਪਾਓ ਬਖਸ਼ਿਸ਼ ਕਰਕੇ ਸਵਾਗਤ ਕੀਤਾ ਗਿਆ ।