*ਕਪੂਰਥਲਾ ਜ਼ਿਲੇ ਦੇ 586 ਪਿੰਡਾਂ ਦੇ ਛੱਪੜਾਂ ਦੀ ਹੋਵੇਗੀ ਕਾਇਆ ਕਲਪ
*22 ਛੱਪੜਾਂ ਨੂੰ ਥਾਪਰ ਤਕਨਾਲੋਜੀ ਰਾਹੀਂ ਕੀਤਾ ਜਾਵੇਗਾ ਵਿਕਸਤ
*ਸੰਯੁਕਤ ਡਾਇਰੈਕਟਰ ਨੇ ਛੱਪੜਾਂ ਦੀ ਸਫ਼ਾਈ ਦੇ ਕੰਮ ਦਾ ਲਿਆ ਜਾਇਜ਼ਾ
ਫਗਵਾੜਾ (ਡਾ ਰਮਨ)
ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪਿੰਡਾਂ ਦੇ ਲੋਕਾਂ ਨੂੰ ਸਾਫ਼-ਸੁਥਰਾ ਤੇ ਸਵੱਛ ਵਾਤਾਵਰਨ ਮੁਹੱਈਆ ਕਰਵਾਉਣ ਲਈ ਪਿੰਡਾਂ ਦੇ ਛੱਪੜਾਂ ਦੀ ਸਫ਼ਾਈ ਦੀ ਵਿਆਪਕ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਸ. ਤਿ੍ਰਪਤ ਰਜਿੰਦਰ ਸਿੰਘ ਬਾਜਵਾ ਦੇ ਆਦੇਸ਼ਾਂ ਮੁਤਾਬਿਕ ਸੂਬੇ ਦੇ ਪਿੰਡਾਂ ਵਿਚਲੇ ਛੱਪੜਾਂ ਵਿਚੋਂ ਪਾਣੀ ਦੀ ਨਿਕਾਸੀ ਕਰਕੇ ਗਾਰ ਕੱਢਣ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ, ਜੋ ਕਿ 10 ਜੂਨ ਤੱਕ ਮੁਕੰਮਲ ਕਰ ਲਿਆ ਜਾਵੇਗਾ। ਇਹ ਪ੍ਰਗਟਾਵਾ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਸੰਯੁਕਤ ਡਾਇਰੈਕਟਰ ਸ. ਅਵਤਾਰ ਸਿੰਘ ਭੁੱਲਰ ਨੇ ਅੱਜ ਜ਼ਿਲੇ ਦੇ ਵੱਖ-ਵੱਖ ਪਿੰਡਾਂ ਵਿਚ ਇਸ ਸਬੰਧੀ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਮੌਕੇ ਕੀਤਾ। ਉਨਾਂ ਦੱਸਿਆ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਵਿੱਤੀ ਕਮਿਸ਼ਨਰ ਸ੍ਰੀਮਤੀ ਸੀਮਾ ਜੈਨ ਵੱਲੋਂ ਛੱਪੜਾਂ ਦੀ ਸਫ਼ਾਈ ਦੀ ਸਮਾਂ ਸੀਮਾ 10 ਜੂਨ ਤੈਅ ਕੀਤੀ ਗਈ ਹੈ, ਤਾਂ ਜੋ ਬਰਸਾਤਾਂ ਤੋਂ ਪਹਿਲਾਂ ਸੂਬੇ ਦ ਸਾਰੇ ਛੱਪੜਾਂ ਨੂੰ ਬਰਸਾਤ ਦੇ ਹਾਲਾਤ ਦਾ ਸਾਹਮਣਾ ਕਰਨ ਲਈ ਤਿਆਰ ਕੀਤਾ ਜਾ ਸਕੇ।
ਅੱਜ ਜ਼ਿਲੇ ਦੇ ਪਿੰਡਾਂ ਸੰਧਰ ਜਗੀਰ, ਤਇਅਬਪੁਰ, ਪਰਵੇਜ ਨਗਰ, ਅਲੌਦੀਪੁਰ ਅਤੇ ਤਲਵੰਡੀ ਮਹਿਮਾ ਆਦਿ ਪਿੰਡਾਂ ਵਿਚ ਛੱਪੜਾਂ ਦੀ ਸਫ਼ਾਈ ਦੇ ਕੰਮ ਦਾ ਜਾਇਜ਼ਾ ਲੈਣ ਪਹੁੰਚੇ ਸੰਯੁਕਤ ਡਾਇਰੈਕਟਰ ਸ. ਅਵਤਾਰ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਕਪੂਰਥਲਾ ਜ਼ਿਲੇ ਵਿਚ 586 ਛੱਪੜਾਂ ਦੀ ਸਫ਼ਾਈ ਦਾ ਕੰਮ ਚੱਲ ਰਿਹਾ ਹੈ। ਉਨਾਂ ਦੱਸਿਆ ਕਿ ਇਸ ਨਾਲ ਜਿਥੇ ਛੱਪੜਾਂ ਦੀ ਪਾਣੀ ਇਕੱਠਾ ਕਰਨ ਦੀ ਸਮਰੱਥਾ ਵਧੇਗੀ ਉਥੇ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਉੱਚਾ ਹੋਵੇਗਾ। ਇਸ ਦੇ ਨਾਲ ਹੀ ਬਰਸਾਤਾਂ ਵਿਚ ਪਿੰਡਾਂ ਵਿਚ ਦੂਸ਼ਿਤ ਪਾਣੀ ਦੀ ਨਿਕਾਸੀ ਦੀ ਸਮੱਸਿਆ ਵੀ ਹੱਲ ਹੋਵੇਗੀ।
ਉਨਾਂ ਇਹ ਵੀ ਦੱਸਿਆ ਕਿ ਜ਼ਿਲੇ ਦੇ 22 ਪਿੰਡਾਂ ਦੇ ਛੱਪੜਾਂ ਦੀ ਚੋਣ ਇਨਾਂ ਨੂੰ ਥਾਪਰ ਤਕਨਾਲੋਜੀ ਨਾਲ ਵਿਕਸਤ ਕਰਨ ਲਈ ਕੀਤੀ ਗਈ ਹੈ। ਉਨਾਂ ਦੱਸਿਆ ਕਿ ਇਸ ਤਕਨਾਲੋਜੀ ਅਧੀਨ ਛੱਪੜ ਵਿਚ ਪਾਣੀ ਪਾਉਣ ਤੋਂ ਪਹਿਲਾਂ ਇਸ ਨੂੰ ਤਿੰਨ ਖੂਹਾਂ ਵਿਚੋਂ ਲੰਘਾ ਕੇ ਉਸ ਵਿਚਲੀ ਗਾਰ ਅਤੇ ਪਲਾਸਟਿਕ ਆਦਿ ਨੂੰ ਨਿਤਾਰ ਲਿਆ ਜਾਵੇਗਾ ਅਤੇ ਇਸ ਪਾਣੀ ਨੂੰ ਵਿਗਿਆਨਕ ਤਰੀਕੇ ਨਾਲ ਟਰੀਟ ਕਰਕੇ ਖੇਤੀਬਾੜੀ ਵਰਤੋਂ ਲਈ ਲਿਆਂਦਾ ਜਾਵੇਗਾ। ਉਨਾਂ ਇਹ ਵੀ ਦੱਸਿਆ ਕਿ ਕਪੂਰਥਲਾ ਜ਼ਿਲੇ ਦੇ 26 ਪਿੰਡਾਂ ਦੇ ਛੱਪੜਾਂ ਨੂੰ ਮੱਛੀ ਪਾਲਣ ਧੰਦੇ ਲਈ ਵਿਕਸਿਤ ਕੀਤਾ ਜਾ ਰਿਹਾ ਹੈ, ਜਿਸ ਨਾਲ ਜਿਥੇ ਪਿੰਡਾਂ ਦੇ ਬੇਰੂਜ਼ਗਾਰ ਨੌਜਵਾਨਾਂ ਨੂੰ ਰੂਜ਼ਗਾਰ ਮਿਲੇਗਾ ਉਥੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸੰਤੁਲਿਤ ਭੋਜਨ ਦੀ ਪੂਰਤੀ ਵੀ ਯਕੀਨੀ ਬਣਾਈ ਜਾ ਸਕੇਗੀ। ਇਸ ਮੌਕੇ ਬੀ. ਡੀ. ਪੀ. ਓ ਕਪੂਰਥਲਾ ਸ. ਅਮਰਜੀਤ ਸਿੰਘ, ਏ. ਪੀ. ਓ ਸ੍ਰੀ ਵਿਸ਼ਾਲ ਅਰੋੜਾ, ਜੀ. ਆਰ. ਐਸ ਸ. ਰਘਬੀਰ ਸਿੰਘ ਤੋਂ ਇਲਾਵਾ ਸਬੰਧਤ ਪਿੰਡਾਂ ਦੇ ਸਰਪੰਚ ਹਾਜ਼ਰ ਸਨ।