ਸੁਲਤਾਨਪੁਰ ਲੋਧੀ , 23 ਫਰਵਰੀ (ਮਲਕੀਤ ਕੌਰ)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿੱਜੀ ਸਕੱਤਰ ਸ. ਮਹਿੰਦਰ ਸਿੰਘ ਆਹਲੀ ਸਕੱਤਰ ਧਰਮ ਪ੍ਰਚਾਰ ਕਮੇਟੀ ਅੰਮ੍ਰਿਤਸਰ ਨੇ ਅੱਜ ਇਤਿਹਾਸਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਨਤਮਸਤਕ ਹੋਣ ਉਪਰੰਤ ਵੱਖ ਵੱਖ ਸੇਵਾ ਕਾਰਜਾਂ ਦਾ ਜਾਇਜਾ ਲਿਆ ਤੇ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜਰ ਵੱਖ ਵੱਖ ਦੇਸ਼ਾਂ ਤੋਂ ਸੁਲਤਾਨਪੁਰ ਲੋਧੀ ਪੁੱਜਣ ਵਾਲੀਆਂ ਸੰਗਤਾਂ ਨੂੰ ਕੋਈ ਪ੍ਰੇਸ਼ਾਨੀ ਨਹੀ ਆਉਣ ਦਿੱਤੀ ਜਾਵੇਗੀ ਤੇ ਸ਼ਤਾਬਦੀ ਪ੍ਰਬੰਧ ਪਹਿਲਾਂ ਵਾਂਗ ਹੋਰ ਵੀ ਵਧੀਆ ਢੰਗ ਨਾਲ ਜਾਰੀ ਰਹਿਣਗੇ । ਉਨ੍ਹਾਂ ਦੱਸਿਆ ਕਿ ਗੁਰਦੁਆਰਾ ਬੇਰ ਸਾਹਿਬ ਵਿਖੇ ਮੁੱਖ ਲੰਗਰ ਹਾਲ ਦੀ ਸੇਵਾ ਮੁਕੰਮਲ ਹੋ ਚੁੱਕੀ ਹੈ ਤੇ ਵੱਖ ਵੱਖ ਕਾਰਜਾਂ ਦੀ ਕਾਰ ਸੇਵਾ ਹਾਲੇ ਜਾਰੀ ਹੈ । ਉਨ੍ਹਾਂ ਹੋਰ ਦੱਸਿਆ ਕਿ ਗੁਰਦੁਆਰਾ ਸੰਤਘਾਟ ਸਾਹਿਬ ਸੁਲਤਾਨਪੁਰ ਵਿਖੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਤੇ ਕਿਲ੍ਹਾ ਆਨੰਦਗੜ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਵਲੋ ਬਾਬਾ ਸੁੱਚਾ ਸਿੰਘ ਤੇ ਬਾਬਾ ਸਤਨਾਮ ਸਿੰਘ ਵਲੋ ” ਇੱਕ ਓਅੰਕਾਰ ਮੂਲ ਮੰਤਰ ਅਸਥਾਨ ” ਦੇ ਨਿਰਮਾਣ ਦੀ ਕਾਰ ਸੇਵਾ ਚੱਲ ਰਹੀ ਹੈ ਤੇ ਇਸੇ ਤਰ੍ਹਾਂ ਗੁਰਦੁਆਰਾ ਹੱਟ ਸਾਹਿਬ ਵਿਖੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵਲੋ ਆਲੀਸ਼ਾਨ ਸਰਾਵਾਂ ਬਣਾਉਣ ਦੀ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਸਹਿਯੋਗ ਨਾਲ ਚੱਲ ਰਹੀ ਹੈ । ਉਨ੍ਹਾਂ ਇਸ ਸਮੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਰਿਆੜ ਤੇ ਐਡੀਸਨਲ ਮੈਨੇਜਰ ਸਰਬਜੀਤ ਸਿੰਘ ਧੂੰਦਾ ਨਾਲ ਵੱਖ ਵੱਖ ਵਿਕਾਸ ਕਾਰਜਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ । ਨਿੱਜੀ ਸਕੱਤਰ ਮਹਿੰਦਰ ਸਿੰਘ ਆਹਲੀ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਵੱਖ ਵੱਖ ਸੇਵਾਵਾਂ ਨਿਭਾਉਣ ਵਾਲੇ ਸੰਤਾਂ ਮਹਾਂਪੁਰਸ਼ਾਂ , ਧਾਰਮਿਕ ਜਥੇਬੰਦੀਆਂ ਤੇ ਹੋਰਨਾਂ ਸਮਾਜ ਸੇਵੀ ਹਸਤੀਆਂ ਦਾ ਸਨਮਾਨ ਮਾਰਚ ਮਹੀਨੇ ਗੁ. ਬੇਰ ਸਾਹਿਬ ਚ ਸਮਾਗਮ ਰੱਖ ਕੇ ਕੀਤਾ ਜਾਵੇਗਾ । ਇਸ ਸਮੇ ਉਨ੍ਹਾਂ ਨਾਲ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ ਮੈਨੇਜਰ ਸ. ਸਤਨਾਮ ਸਿੰਘ ਰਿਆੜ ,ਐਡੀਸਨਲ ਮੈਨੇਜਰ ਸਰਬਜੀਤ ਸਿੰਘ ਧੂੰਦਾ , ਕੁਲਵੰਤ ਸਿੰਘ ਮੀਤ ਮੈਨੇਜਰ , ਜਗਤਾਰ ਸਿੰਘ ਪੀ ਏ ਟੂ ਆਹਲੀ ਸਾਹਿਬ , ਜਥੇ ਸਰਵਣ ਸਿੰਘ ਚੱਕਾਂ ਲੰਗਰ ਇੰਚਾਰਜ , ਚੈਚਲ ਸਿੰਘ ਸਰਾਂ ਇੰਚਾਰਜ , ਜਗਦੀਸ਼ ਸਿੰਘ , ਭੁਪਿੰਦਰ ਸਿੰਘ ਰਿਕਾਰਡ ਕੀਪਰ ਆਦਿ ਨੇ ਸ਼ਿਰਕਤ ਕੀਤੀ ।