ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕੋਰੋਨਾ ਵਾਇਰਸ ਖ਼ਿਲਾਫ ਜੰਗ ਵਿਚ ਸੂਬੇ ਦਾ ਹੱਥ ਵਟਾਉਂਦਿਆਂ 20 ਲੱਖ ਰੁਪਏ ਦੀ ਲਾਗਤ ਵਾਲੀ ਇੱਕ ਵਿਦੇਸ਼ ਤੋਂ ਮੰਗਵਾਈ ਕੋਵਿਡ ਟੈਸਟਿੰਗ ਮਸ਼ੀਨ ਜਲਾਲਾਬਾਦ ਸਿਵਲ ਹਸਪਤਾਲ ਨੂੰ ਸੌਂਪੀ।

ਉਹਨਾਂ ਨੇ ਇਸ ਸੰਸਦੀ ਹਲਕੇ ਦੇ ਲੋਕਾਂ ਲਈ 50 ਹਜ਼ਾਰ ਸੈਨੇਟਾਈਜ਼ਰ ਬੋਤਲਾਂ ਵੀ ਦਿੱਤੀਆਂ। ਇਸ ਤੋਂ ਪਹਿਲਾਂ ਉਹ ਇਸ ਹਲਕੇ ਲਈ ਇੱਕ ਆਧੁਨਿਕ ਸਹੂਲਤਾਂ ਵਾਲੀ ਐਂਬੂਲੈਂਸ ਦੇ ਚੁੱਕੇ ਹਨ ਤਾਂ ਕਿ ਇਸ ਸਰਹੱਦੀ ਖੇਤਰ ਦਾ ਕੋਈ ਵੀ ਵਿਅਕਤੀ ਇਲਾਜ ਤੋਂਂ ਵਾਂਝਾ ਨਾ ਰਹੇ।
ਇੱਥੇ ਜ਼ਿਲ੍ਹਾ ਪ੍ਰਸਾਸ਼ਨ ਨੂੰ ਨਵੀਂ ਟੈਸਟਿੰਗ ਮਸ਼ੀਨ ਸੌਂਪਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਪੰਜਾਬ ਵਿਚ ਕੋਵਿਡ ਨਾਲ ਹੋ ਰਹੀਆਂ ਮੌਤਾਂ ਦੀ ਦਰ ਪੂਰੇ ਦੇਸ਼ ਵਿਚ ਸਭ ਤੋਂ ਜ਼ਿਆਦਾ ਹੈ, ਜਿਸ ਨੂੰ ਤੁਰੰਤ ਢੁੱਕਵੇਂ ਕਦਮ ਚੁੱਕ ਕੇ ਰੋਕਿਆ ਜਾਣਾ ਚਾਹੀਦਾ ਹੈ। ਇਸ ਵਾਸਤੇ ਸਿਹਤ ਢਾਂਚੇ ਨੂੰ ਮਜ਼ਬੂਤ ਕਰਨਾ ਜਰੂਰੀ ਹੈ। ਉੁਹਨਾਂ ਕਿਹਾ ਕਿ ਪੰਜਾਬ ਨੂੰ ਪੂਰੇ ਸੂਬੇ ਅੰਦਰ ਵੱਡੀ ਪੱਧਰ ਉੱਤੇ ਟੈਸਟ ਕਰਨ ਦੀ ਲੋੜ ਹੈ, ਕਿਉਂਕਿ ਕੋਰੋਨਾ ਦੀ ਬੀਮਾਰੀ ਨੂੰ ਸ਼ੱਕੀ ਕੇਸਾਂ ਦੀ ਪਹਿਚਾਣ, ਟੈਸਟ ਅਤੇ ਇਲਾਜ ਕਰਕੇ ਹੀ ਕਾਬੂ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਮੈਂ ਇਹ ਮਸ਼ੀਨ ਇਸ ਸਰਹੱਦੀ ਜ਼ਿਲ੍ਹੇ ਅੰਦਰ ਵੱਡੀ ਪੱਧਰ ਉੱਤੇ ਕੋਰੋਨਾ ਕੇਸਾਂ ਦੀ ਟੈਸਟਿੰਗ ਕਰਨ ਲਈ ਦਿੱਤੀ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਉਹਨਾਂ ਨੇ ਇਸ ਹਲਕੇ ਦੇ ਲੋਕਾਂ ਲਈ ਇੱੱਕ ਲੱਖ ਸੈਨੇਟਾਈਜ਼ਰ ਬੋਤਲਾਂ ਦੇਣ ਦਾ ਫੈਸਲਾ ਕੀਤਾ ਹੈ। ਉਹਨਾਂ ਦੱਸਿਆ ਕਿ ਇਹਨਾਂ ਵਿਚੋਂ 50 ਹਜ਼ਾਰ ਸੈਨੇਟਾਈਜ਼ਰ ਬੋਤਲਾਂ ਅੱਜ ਮਲੋਟ, ਮੁਕਤਸਰ, ਗੁਰੂਹਰਸਹਾਇ ਅਤੇ ਫਾਜ਼ਿਲਕਾ ਦੇ ਹਲਕਾਂ ਇੰਚਾਰਜਾਂ ਨੂੰ ਦੇ ਦਿੱਤੀਆਂ ਹਨ ਤਾਂ ਕਿ ਲੋਕਾਂ ਨੂੰ ਇਸ ਲਾਗ ਦੀ ਬੀਮਾਰੀ ਤੋਂ ਸੁਰੱਖਿਅਤ ਰੱਖਿਆ ਜਾ ਸਕੇ। ਉਹਨਾਂ ਕਿਹਾ ਕਿ ਬਾਕੀ ਬਚਦੀਆਂ ਬੋਤਲਾਂ ਵੀ ਜਲਦੀ ਦੇ ਦਿੱਤੀਆਂ ਜਾਣਗੀਆਂ।
ਅਕਾਲੀ ਦਲ ਪ੍ਰਧਾਨ ਗਰੀਬਾਂ ਅਤੇ ਲੋੜਵੰਦਾਂ ਨੂੰ ਕੇਂਦਰ ਸਰਕਾਰ ਵੱਲੋਂ ਭੇਜਿਆ ਰਾਸ਼ਨ ਵੰਡਣ ਵਿਚ ਵਿਤਕਰਾ ਕਰਨ ਲਈ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੀ ਰਾਹਤ, ਜਿਸ ਵਿਚ 15 ਕਿਲੋ ਅਨਾਜ ਅਤੇ 3 ਕਿਲੋ ਦਾਲ ਸ਼ਾਮਿਲ ਹੈ, ਪੰਜਾਬ ਦੇ ਲੋਕਾਂ ਤਕ ਨਹੀਂ ਪਹੁੰਚ ਰਹੀ ਹੈ, ਕਿਉਂਕਿ ਕੁੱਝ ਕਾਂਗਰਸੀ 1.41 ਕਰੋੜ ਪੰਜਾਬੀਆਂ ਲਈ ਭੇਜੀ ਇਸ ਰਾਹਤ ਸਮੱਗਰੀ ਨੂੰ ਵੰਡਣ ਵਿਚ ਹੇਰਾਫੇਰੀ ਕਰ ਰਹੇ ਹਨ। ਉਹਨਾਂ ਕਿਹਾ ਕਿ ਸੂਬਾ ਸਰਕਾਰ ਨੂੰ ਤੁਰੰਤ ਇਸ ਨੂੰ ਰੋਕਣਾ ਚਾਹੀਦਾ ਹੈ ਨਹੀਂ ਤਾਂ ਇੱਥੇ ਅਮਨ ਕਾਨੂੰਨ ਦੀ ਸਮੱਸਿਆ ਖੜ੍ਹੀ ਹੋ ਸਕਦੀ ਹੈ।
ਇਸ ਤੋਂ ਪਹਿਲਾਂ ਬਾਦਲ ਤੋਂ ਜਲਾਲਾਬਾਦ ਨੂੰ ਜਾਂਦਿਆਂ ਸਰਦਾਰ ਬਾਦਲ ਨੇ ਪੁਲਿਸ ਕਰਮੀਆਂ ਨੂੰ ਸੈਨੇਟਾਈਜ਼ਰ ਵੰਡੇ। ਉਹਨਾਂ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਭ ਤੋਂ ਅੱਗੇ ਹੋ ਕੇ ਲੜਣ ਵਾਸਤੇ ਪੁਲਿਸ ਕਰਮੀਆਂ ਦਾ ਧੰਨਵਾਦ ਵੀ ਕੀਤਾ। ਇਸ ਤੋਂ ਬਾਅਦ ਉਹਨਾਂ ਡਿਊਟੀ ਕਰ ਰਹੇ ਸਿਹਤ ਕਾਮਿਆਂ ਨੂੰ ਵੀ ਸੈਨੇਟਾਈਜ਼ਰ ਵੰਡੇ। ਸਰਦਾਰ ਬਾਦਲ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਜਿਸ ਤਰ੍ਹਾਂ ਉਹਨਾਂ ਐਲਾਨ ਕੀਤਾ ਸੀ, ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਅਗਲੇ 3-4 ਦਿਨਾਂ ਵਿਚ ਵੈਂਟੀਲੇਟਰ ਪਹੁੰਚ ਜਾਣਗੇ।