(ਸਾਹਬੀ ਦਾਸੀਕੇ)

ਸ਼ਾਹਕੋਟ: ਮਲਸੀਆ,ਬੀ.ਜੇ.ਪੀ. ਹਕੂਮਤ ਵੱਲੋਂ ਲਿਆਂਦੇ ਨਾਗਰਿਕਤਾ ਸੋਧ ਕਾਨੂੰਨ, ਕੌਮੀ ਨਾਗਰਿਕ ਰਜਿਸਟਰ ਅਤੇ ਕੌਮੀ ਆਬਾਦੀ ਰਜਿਸਟਰ ਖਿਲਾਫ਼ ਕਿਸਾਨਾਂ, ਖੇਤ ਮਜ਼ਦੂਰਾਂ, ਵਿਦਿਆਰਥੀਆਂ, ਨੌਜਵਾਨਾਂ, ਤਰਕਸ਼ੀਲਾਂ ਦੇ ਅਧਾਰਿਤ ਪੰਜਾਬ ਦੀਆਂ ਚੌਦਾ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਮਨਾਏ ਜਾ ਰਹੇ ਰੋਸ ਹਫ਼ਤੇ ਤਹਿਤ ਸ਼ੁੱਕਰਵਾਰ ਨੂੰ ਵੱਖ-ਵੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਸ਼ਾਹਕੋਟ ਸ਼ਹਿਰ ’ਚ ਕਾਲੇ ਕਾਨੂੰਨਾਂ ਦੇ ਵਿਰੁੱਧ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਜਥੇਬੰਦੀਆਂ ਦੇ ਆਗੂ ਅਤੇ ਲੋਕ ਬਸ ਸਟੈਂਡ ਸ਼ਾਹਕੋਟ ਵਿਖੇ ਇਕੱਤਰ ਹੋਏ, ਜਿਥੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆ ਵੱਖ-ਵੱਖ ਆਗੂਆਂ ਨੇ ਕਿਹਾ ਕਿ ਧਰਮ ਅਧਾਰਿਤ ਨਾਗਰਿਕਤਾ ਕਾਨੂੰਨ ਲਿਆ ਕੇ ਬੀ.ਜੇ.ਪੀ. ਦੇਸ਼ ਨੂੰ ਮੁੜ ਫਿਰਕੂ ਅਧਾਰਿਤ ਵੰਡਣ ਦੀ ਕੋਸਿ਼ਸ਼ ਕਰ ਰਹੀ ਹੈ। ਉਨਾਂ ਕਿਹਾ ਕਿ ਦੇਸ਼ ਦੀਆਂ ਘੱਟ ਗਿਣਤੀਆਂ ਅਤੇ ਦਲਿਤਾਂ ਲਈ ਇਹ ਮਾਰੂ ਕਾਨੂੰਨ ਲਾਗੂ ਹੋਣ ਨਾਲ ਦੇਸ਼ ਵਿੱਚ ਨਾਗਰਿਕਾਂ ਨੂੰ ਆਪਣੀ ਨਾਗਰਿਕਤਾ ਸਿੱਧ ਕਰਨੀ ਪਵੇਗੀ। ਉਨਾਂ ਕਿਹਾ ਕਿ ਆਰ.ਐੱਸ.ਐੱਸ. ਨੇ ਮੁਲਕ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਏਜੰਡੇ ਤਹਿਤ ਹਕੂਮਤ ਨੇ ਕਰੋੜਾ ਲੋਕਾਂ ਨੂੰ ਆਪਣੇ ਹੀ ਦੇਸ਼ ਵਿੱਚ ਬੇਗਾਨੇ ਕਰ ਦਿੱਤਾ ਹੈ, ਜਿਸ ਦਾ ਡੱਟ ਕੇ ਵਿਰੋਧ ਹੋਣਾ ਚਾਹੀਦਾ ਹੈ। ਇਸ ਉਪਰੰਤ ਜਥੇਬੰਦੀਆਂ ਵੱਲੋਂ ਸ਼ਾਹਕੋਟ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਦੌਰਾਨ ਬੀ.ਜੇ.ਪੀ. ਖਿਲਾਫ਼ ਜੰਮ੍ਹ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਮੇਸ਼ ਮਾਲੜੀ ਸੂਬਾ ਸਕੱਤਰ ਖੇਤ ਮਜ਼ਦੂਰ ਯੂਨੀਅਨ, ਹਰਭਜਨ ਸਿੰਘ ਮਲਸੀਆਂ, ਸੁਖਜਿੰਦਰ ਲਾਲੀ ਮਲਸੀਆਂ, ਬਲਜਿੰਦਰ ਸਿੰਘ ਸਿੱਧੂ ਸੂਬਾ ਕਮੇਟੀ ਮੈਂਬਰ ਕਿਸਾਨ ਸੰਘਰਸ਼ ਕਮੇਟੀ, ਗੁਰਮੀਤ ਸਿੰਘ ਕੋਟਲੀ, ਮਨਜੀਤ ਸਿੰਘ ਮਲਸੀਆਂ, ਜਸਵੰਤ ਰਾਏ ਸਰਕਲ ਪ੍ਰਧਾਨ ਟੀ.ਐਸ.ਯੂ., ਰੁਪਿੰਦਰਜੀਤ ਸਿੰਘ, ਕਾਦਰ ਖਾਨ, ਮੁਹੱਮਦ ਹਾਸਿ਼ਮ ਮਲਸੀਆਂ, ਅਮਨਦੀਪ ਸਿੰਘ ਬਾਗਪੁਰ, ਹਰਜਿੰਦਰ ਸਿੰਘ ਬਾਗਪੁਰ, ਜਗੀਰ ਸਿੰਘ ਜੋਸਨ, ਕਾ. ਬਚਿੱਤਰ ਸਿੰਘ ਤੱਗੜ, ਅਸ਼ਵਨੀ ਭੁੱਟੋ ਆਦਿ ਹਾਜ਼ਰ ਸਨ