ਫਗਵਾੜਾ (ਡਾ ਰਮਨ)
ਜ਼ਿਲੇ ਦੇ ਲੋਕਾਂ ਨੂੰ ਕੋਰੋਨਾ ਵਰਗੀ ਮਹਾਂਮਾਰੀ ਤੋਂ ਬਚਾਉਣ ਅਤੇ ਸੁਰੱਖਿਅਤ ਰੱਖਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਇਸ ਸਬੰਧੀ ਸਮੇਂ-ਸਮੇਂ ’ਤੇ ਸਿਹਤ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਕੋਰੋਨਾ ਰੋਕਥਾਮ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਕੋਵਿਡ ਤੋਂ ਬਚਣ ਲਈ ਇਹ ਜ਼ਰੂਰੀ ਹੈ ਕਿ ਸਮੂਹ ਜ਼ਿਲਾ ਵਾਸੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ, ਘਰ ਵਿਚ ਰਹਿਣ, ਭੀੜ ਵਾਲੀਆਂ ਥਾਵਾਂ ’ਤੇ ਜਾਣ ਤੋਂ ਗੁਰੇਜ਼ ਕਰਨ, ਸਾਫ਼-ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ, ਬਾਹਰੀ ਚੀਜ਼ਾਂ ਦੀ ਵਰਤੋਂ ਘੱਟ ਤੋਂ ਘੱਟ ਕਰਨ। ਉਨਾਂ ਕਿਹਾ ਕਿ ਜੇਕਰ ਬਾਹਰੋਂ ਘਰ ਵਿਚ ਕੋਈ ਚੀਜ਼ ਜਾਂ ਪੈਕੇਟ ਲਿਆਂਦਾ ਜਾਂਦਾ ਹੈ, ਤਾਂ ਉਸ ਨੂੰ ਚੰਗੀ ਤਰਾਂ ਸਾਫ਼ ਕਰਕੇ ਵਰਤੋਂ ਵਿਚ ਲਿਆਂਦਾ ਜਾਵੇ। ਘਰੋਂ ਬਾਹਰ ਜਾਣ ਲੱਗੇ ਮਾਸਕ ਜ਼ਰੂਰ ਪਾਇਆ ਜਾਵੇ ਅਤੇ ਨਿੱਜੀ ਦੂਰੀ ਦੀ ਪਾਲਣਾ ਕੀਤੀ ਜਾਵੇ। ਉਨਾਂ ਕਿਹਾ ਕਿ ਜਿਹੜਾ ਵਿਅਕਤੀ ਬਾਹਰੋਂ ਘਰ ਆਉਂਦਾ ਹੈ, ਉਹ ਘਰ ਆ ਕੇ ਕਿਸੇ ਵੀ ਚੀਜ਼ ਨੂੰ ਹੱਥ ਨਾ ਲਾਵੇ ਅਤੇ ਪਰਸ, ਬੈਗ, ਚਾਬੀਆਂ ਆਦਿ ਨੂੰ ਘਰ ਦੀ ਐਂਟਰੀ ’ਤੇ ਹੀ ਕਿਸੇ ਬਕਸੇ ਵਿਚ ਪਾ ਦੇਵੇ। ਘਰ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਨਹਾਉਣ ਨੂੰ ਤਰਜੀਹ ਦਿੱਤੀ ਜਾਵੇ ਅਤੇ ਜੇਕਰ ਨਹਾਉਣਾ ਨਹੀਂ ਚਾਹੁੰਦੇ ਤਾਂ ਹੱਥਾਂ, ਬਾਹਵਾਂ, ਪੈਰਾਂ, ਗਰਦਨ ਅਤੇ ਮੂੰਹ ਨੂੰ ਚੰਗੀ ਤਰਾਂ ਸਾਫ਼ ਕਰਕੇ ਕੱਪੜੇ ਬਦਲਕੇ ਹੀ ਪਰਿਵਾਰਕ ਮੈਂਬਰਾਂ ਨਾਲ ਬੈਠੇ। ਉਨਾਂ ਕਿਹਾ ਕਿ ਉਪਰੋਕਤ ਹਦਾਇਤਾਂ ਦੀ ਪਾਲਣਾ ਨਾਲ ਹੀ ਵਿਅਕਤੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੁਰੱਖਿਅਤ ਰੱਖ ਸਕਦਾ ਹੈ। ਉਨਾਂ ਉਪਰੋਕਤ ਗੱਲਾਂ ਨੂੰ ਸਿਹਤ ਅਧਿਕਾਰੀਆਂ, ਆਸ਼ਾ ਵਰਕਰਾਂ ਤੇ ਮੇਲ ਵਰਕਰਾਂ ਰਾਹੀਂ ਵਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੀ ਹਦਾਇਤ ਕੀਤੀ। ਉਨਾਂ ਕਿਹਾ ਕਿ ਸਾਡੇ ਵੱਲੋਂ ਵਰਤੀਆਂ ਗਈਆਂ ਇਹ ਵਿਸ਼ੇਸ਼ ਸਾਵਧਾਨੀਆਂ ਸਾਨੂੰ ਕੋਵਿਡ ਤੋਂ ਬਚਾ ਸਕਦੀਆਂ ਹਨ। ਉਨਾਂ ਇਹ ਵੀ ਕਿਹਾ ਕਿ ਹਰੇਕ ਚੀਜ਼ ਨੂੰ ਰੋਗਾਣੂ ਮੁਕਤ ਕਰਨਾ ਸੰਭਵ ਹੈ ਪਰੰਤੂ ਉਪਰੋਕਤ ਹਦਾਇਤਾਂ ਦੀ ਪਾਲਣਾ ਕਰਕੇ ਅਸੀਂ ਕੋਵਿਡ ਦੇ ਖ਼ਤਰੇ ਨੂੰ ਘਟਾ ਸਕਦੇ ਹਾਂ ਅਤੇ ਆਪ ਤੇ ਆਪਣੇ ਪਰਿਵਾਰ ਨੂੰ ਵੀ ਸੁਰੱਖਿਅਤ ਰੱਖ ਸਕਦੇ ਹਾਂ।