ਕਰੋਨਾ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ਼ ਅਤੇ ਸੁਵਿਧਾਵਾਂ ਨੂੰ ਹੋਰ ਵਧੇਰੇ ਅਸਰਦਾਰ ਢੰਗ ਨਾਲ ਲਾਗੂ ਕਰਨ ਦੀ ਦਿੱਤੀ ਹਦਾਇਤ
ਸਿਹਤ ਮੰਤਰੀ ਨੇ ਸਿਵਲ ਹਸਪਤਾਲ ਵਿੱਚ ਚੱਲ ਰਹੇ ਪ੍ਰਬੰਧਾਂ ਅਤੇ ਮਿਲ ਰਹੀਆ ਸੁਵਿਧਾਵਾਂ ਤੇ ਕੀਤੀ ਤਸੱਲੀ ਪ੍ਰਗਟ
ਪੰਜਾਬ ਵਾਸੀਆਂ ਨੂੰ ਅਫ਼ਵਾਹਾਂ ਤੇ ਭਰੋਸਾ ਨਾ ਕਰਨ ਦੀ ਸਿਹਤ ਮੰਤਰੀ ਵੱਲੋ ਅਪੀਲ,
———————
ਲੁਧਿਆਣਾ, 31 ਅਗਸਤ
(ਹੇਮਰਾਜ, ਨਰੇਸ਼ ਕੁਮਾਰ )
ਪੰਜਾਬ ਸਰਕਾਰ ਦੇ ਸਿਹਤ ਮੰਤਰੀ ਸ੍ਰ. ਬਲਵੀਰ ਸਿੰਘ ਸਿੱਧੂ ਨੇ ਅੱਜ ਸਥਾਨਕ ਸਿਵਲ ਹਸਪਤਾਲ ਲੁਧਿਆਣਾ ਵਿਖੇ ਅਚਨਚੇਤ ਦੌਰਾ ਕਰਕੇ ਸਿਵਲ ਹਸਪਤਾਲ ਲੁਧਿਆਣਾ ਵਿਖੇ ਕੋਵਿਡ-19 ਦੇ ਮਰੀਜਾਂ ਦੇ ਚੱਲ ਰਹੇ ਇਲਾਜ਼ ਅਤੇ ਸੂਬਾ ਸਰਕਾਰ ਵੱਲੋਂ ਮਰੀਜ਼ਾਂ ਨੂੰ ਦਿੱਤੀਆ ਜਾਣ ਵਾਲੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ ਅਤੇ ਮਰੀਜਾਂ ਦੇ ਚੱਲ ਰਹੇ ਇਲਾਜ਼ ਅਤੇ ਦਿੱਤੀ ਜਾ ਰਹੀਆ ਸਿਹਤ ਸਹੂਲਤਾਂ ‘ਤੇ ਸਤੁੰਸ਼ਟੀ ਪ੍ਰਗਟ ਕੀਤੀ। ਇਸ ਮੌਕੇ ਉਹਨਾਂ ਦੇ ਨਾਲ ਸਿਵਲ ਹਸਪਤਾਲ ਦੇ ਐਸ.ਐਮ.ਓ ਡਾ. ਅਮਰਜੀਤ ਕੌਰ ਵੀ ਸ਼ਾਮਲ ਸਨ।
ਸਿਹਤ ਮੰਤਰੀ ਨੇ ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੋਵਿਡ-19 ਦੇ ਮਰੀਜਾਂ ਦੀਆਂ ਸਿਹਤ ਸੁਵਿਧਾਵਾਂ ਅਤੇ ਖਾਣ-ਪੀਣ ਦਾ ਖਾਸ ਧਿਆਨ ਰੱਖਿਆ ਜਾਵੇ। ਉਹਨਾਂ ਪੰਜਾਬ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਤੇ ਪ੍ਰਾਈਵੇਟ ਸੰਸਥਾਵਾਂ ਵੱਲੋਂ ਜੋ ਵੀ ਟੈਸਟ ਕੋਰੋਨਾ ਦੇ ਕੀਤੇ ਜਾ ਰਹੇ ਹਨ ਉਹ ਜਰੂਰ ਕਰਵਾਉਣ ਤਾਂ ਜੋ ਕੋਵਿਡ-19 ਦੀ ਬਿਮਾਰੀ ਨੂੰ ਅੱਗੇ ਵੱਧਣ ਤੋਂ ਰੋਕਿਆ ਜਾ ਸਕੇ। ਉਹਨਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਇਸ ਕੋਵਿਡ ਦੀ ਬਿਮਾਰੀ ਤੇ ‘ਕਾਬੂ ਪਾਉਣਾ ਅਸੰਭਵ ਹੈ ਇਸ ਲਈ ਹਰ ਇੱਕ ਵਿਅਕਤੀ ਇਸ ਬਿਮਾਰੀ ‘ਤੇ ਕਾਬੂ ਪਾਉਣ ਲਈ ਆਪਣਾ-ਆਪਣਾ ਯੋਗਦਾਨ ਜਰੂਰ ਪਾਵੇ। ਉਹਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀਆ ਬੇ-ਬੁਨਿਆਦ ਅਫਵਾਹਾ ਤੋਂ ਦੂਰ ਰਹਿਣ ਦੀ ਜਰੂਰਤ ਹੈ ਅਤੇ ਜੇਕਰ ਕਿਸੇ ਵਿਅਕਤੀ ਨੂੰ ਕਿਸੇ ਵੀ ਜਾਣਕਾਰੀ ਦੀ ਜਰੂਰਤ ਹੋਵੇ ਤਾ ਨੇੜੇ ਦੀ ਸਿਹਤ ਸੰਸਥਾਂ ਨਾਲ ਸੰਪਰਕ ਕਰੇ ਅਤੇ ਜਾਂ 104 ਨੰਬਰ ‘ਤੇ ਫੋਨ ਕਰਕੇ ਵੀ ਜਾਣਕਾਰੀ ਲੈ ਸਕਦਾ ਹੈ।
ਸ੍ਰੀ ਸਿੱਧੂ ਨੇ ਕਿਹਾ ਕਿ ਹੁਣ ਤੱਕ ਸਿਹਤ ਵਿਭਾਗ ਦੇ ਤਕਰੀਬਨ 836 ਮੁਲਾਜ਼ਮ ਕਰੋਨਾ ਤੋਂ ਪ੍ਰਭਾਵਿਤ ਹੋਏ ਹਨ ਜਦਕਿ ਇੱਕ ਰਿਪੋਰਟ ਅਨੁਸਾਰ 2 ਮੁਲਾਜ਼ਮਾਂ ਦੀ ਮੌਤ ਹੋਈ ਹੈ। ਪੁਲਿਸ ਵਿਭਾਗ ਦੇ ਤਕਰੀਬਨ 1650 ਮੁਲਾਜ਼ਮ ਪ੍ਰਭਾਵਿਤ ਹੋਏ ਹਨ ਅਤੇ 13 ਮੁਲਾਜ਼ਮਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਮੰਤਰੀ ਨੇ ਕਿਹਾ ਅਸੀ ਚਰਮ ਸੀਮਾ (peak) ਦੌਰ ਵਿੱਚੋਂ ਗੁਜ਼ਰ ਰਹੇ ਹਾਂ, ਹੁਣ ਸਾਡੇ ਲਈ ਜ਼ਿਆਦਾ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ 15 ਦਿਨ ਲਈ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਸ਼ਖਤੀ ਨਾਲ ਪਾਲਣਾ ਕਰਨ ਤਾਂ ਜੋ ਇਸ ਕਰੋਨਾ ਮਹਾਂਮਾਰੀ ਦਾ ਡਟ ਕੇ ਮੁਕਾਬਲਾ ਕਰ ਸਕੀਏ ਤੇ ਪੰਜਾਬ ਸਰਕਾਰ ਵੱਲੋਂ ਸੁਰੂ ਕੀਤੀ ਮੁਹਿੰਮ ਮਿਸ਼ਨ ਫਤਿਹ ਨੂੰ ਕਾਮਯਾਬ ਬਣਾਈਏ। ਸ੍ਰੀ ਸਿੱਧੂ ਨੇ ਕਿਹਾ ਕਿ ਅਜੇ ਤੱਕ ਕਰੋਨਾ ਸਬੰਧੀ ਕੋਈ ਵੈਕਸੀਨ ਨਹੀਂ ਆਈ ਹੈ ਅਤੇ ਇਸ ਲਈ ਸਾਨੂੰ ਸਰਕਾਰ ਵੱਲੋਂ ਜ਼ਾਰੀ ਹਦਾਇਤਾਂ ਦੀ ਪਾਲਣਾ ਕਰਕੇ ਹੀ ਆਪਣੇ ਆਪ ਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਕਰ ਸਕਦੇ ਹਾਂ।