ਸਾਹਬੀ ਦਾਸੀਕੇ
ਸ਼ਾਹਕੋਟ: ਮਲਸੀਆ, ਕਰੋਨਾ ਵਾਇਰਸ ਦਾ ਕਹਿਰ ਦੁਨੀਆਂ ਭਰ ਵਿੱਚ ਦਿਨੋ-ਦਿਨ ਫੈਲਦਾ ਜਾ ਰਿਹਾ ਹੈ, ਜਿਸ ਕਾਰਨ ਕੁੱਝ ਦੇਸ਼ਾਂ ਵਿੱਚ ਬਹੁਤ ਸਾਰੀਆਂ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ। ਇਸ ਵਾਇਰਸ ਦੇ ਫੈਲਣ ਤੋਂ ਬਾਅਦ ਜਿਥੇ ਭਾਰਤ ਸਰਕਾਰ ਵੱਲੋਂ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ, ਉਥੇ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਜਨਤਕ ਅਤੇ ਭੀੜ-ਭਾੜ ਵਾਲੀਆਂ ਥਾਵਾਂ ਤੇ ਜਾਣ ਤੋਂ ਮਨਾਹੀ ਕੀਤੀ ਗਈ ਹੈ। ਇਸ ਦੇ ਮੱਦੇਨਜ਼ਰ ਸਿਹਤ ਵਿਭਾਗ ਪੰਜਾਬ ਦੀਆਂ ਹਦਾਇਤਾ ਅਨੁਸਾਰ ਡਾ. ਅਮਰਦੀਪ ਸਿੰਘ ਦੁੱਗਲ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ (ਸੀ.ਐਚ.ਸੀ.) ਸ਼ਾਹਕੋਟ ਵੱਲੋਂ ਆਪਣੀ ਟੀਮ ਸਮੇਤ ਹਸਪਤਾਲ ’ਚ ਦਾਖਲ ਮਰੀਜ਼ਾਂ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਰੋਨਾ ਵਾਇਰਸ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਉਨਾਂ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਰੀਜ਼ਾਂ ਤੋਂ ਦੂਰੀ ਬਣਾਈ ਰੱਖਣ ਅਤੇ ਸਾਫ਼-ਸਫ਼ਾਈ ਰੱਖਣ ਸਬੰਧੀ ਵੀ ਜਾਗਰੂਕ ਕੀਤਾ। ਉਨਾਂ ਕਿਹਾ ਕਿ ਕਰੋਨਾ ਵਾਇਰਸ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਨੂੰ ਛੂਹਣ ਨਾਲ ਫੈਲਦਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰੋਨਾ ਵਾਇਰਸ ਕਾਰਨ ਸਾਰੇ ਹੀ ਮੈਡੀਕਲ ਕੈਂਪ, ਬਲੱਡ ਡੋਨੇਸ਼ਨ ਕੈਂਪ, ਅੱਖਾਂ ਦੇ ਕੈਂਪ ਆਦਿ ਮੁਲਤਵੀ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਵਿੱਚ 31 ਮਾਰਚ ਤੱਕ ਬੱਚਿਆਂ ਨੂੰ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਉਨਾਂ ਕਿਹਾ ਕਿ ਕਰੋਨਾ ਵਾਇਰਸ ਤੋਂ ਬਚਨ ਲਈ ਸਾਨੂੰ ਵੱਧ ਤੋਂ ਵੱਧ ਸਾਵਧਾਨੀਆਂ ਵਰਤਨ ਦੀ ਲੋੜ ਹੈ ਤਾਂ ਹੀ ਅਸੀਂ ਕਰੋਨਾ ਵਾਇਰਸ ਤੋਂ ਆਪਣਾ ਅਤੇ ਹੋਰਨਾਂ ਦਾ ਬਚਾਅ ਕਰ ਸਕਦੇ ਹਾਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਰਣਦੀਪ ਸਿੰਘ, ਡਾ. ਮਨਪ੍ਰੀਤ, ਰੇਡੀਓਗ੍ਰਾਫਰ ਵਿਸ਼ਾਲ, ਡਾਕਟਰ ਲਾਡੀ ਨਾਹਰ, ਬਲਕਾਰ ਸਿੰਘ,ਸਟਾਫ਼ ਨਰਸ ਕੰਵਲਜੀਤ ਕੌਰ, ਦੀਪਿਕਾ ਸਿਆਲ, ਜੋਤੀ, ਅਮਿਤਾ, ਮਨਜੀਤ ਕੌਰ, ਨੀਲਮ ਰਾਣੀ, ਕਮਲਪ੍ਰੀਤ ਕੌਰ, ਸਰਬਜੀਤ ਕੌਰ, ਜਸਵਿੰਦਰ ਕੌਰ, ਸੰਦੀਪ ਕੌਰ, ਨੀਲਮ, ਮੋਨਿਕਾ , ਚਰਨਜੀਤ ਸਿੰਘ,ਆਦਿ ਮੌਜੂਦ ਸਨ।