ਫਗਵਾੜਾ ( ਅਸ਼ੋਕ ਲਾਲ )

ਸਿਵਲ ਹਸਪਤਾਲ ਫਗਵਾੜਾ ਦੇ ਐਕਸ-ਰੇ ਵਿਭਾਗ ਵਲੋਂ ਵਰਲਡ ਰੇਡੀਓਗ੍ਰਾਫੀ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਆਯੋਜਿਤ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸਿਵਲ ਹਸਪਤਾਲ ਦੇ ਐਸ.ਐਮ.ਓ. ਡਾ. ਕਮਲ ਕਿਸ਼ੋਰ ਨੇ ਸ਼ਿਰਕਤ ਕੀਤੀ। ਉਹਨਾਂ ਐਕਸ-ਰੇ ਦੀ ਖੋਜ ਕਰਨ ਵਾਲੇ ਸਰ ਵਿਲਹੇਮ ਕੋਨਰਾਡ ਰੋਂਜਨ ਨੂੰ ਸ਼ਰਧਾਂਜਲੀ ਦਿੱਤੀ ਅਤੇ ਦੱਸਿਆ ਕਿ ਐਕਸ=ਰੇ ਦੀ ਬਦੌਲਤ ਹੀ ਅੱਜ ਸਰੀਰ ਦੇ ਅੰਦਰੂਨੀ ਹਿੱਸੇ ਦੀਆਂ ਬਿਮਾਰੀਆਂ ਦਾ ਇਲਾਜ਼ ਸਰਲਤਾ ਨਾਲ ਕਰਨਾ ਸੰਭਵ ਹੋ ਸਕਿਆ ਹੈ। ਇਸ ਮੌਕੇ ਡਾ. ਜਸਲੀਨ ਕੌਰ ਰੇਡੀਓਲੋਜਿਸਟ ਨੇ ਐਕਸ-ਰੇ ਦੇ ਮਹੱਤਵ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਸੀਨੀਅਰ ਰੇਡੀਓਗ੍ਰਾਫਰ ਹਰੀ ਬਿਲਾਸ ਨੇ ਐਕਸ-ਰੇ ਦੀਆਂ ਖੋਜਾਂ ਅਤੇ ਰੇਡੀਏਸ਼ਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ। ਉਹਨਾਂ ਪੰਜਾਬ ਸਰਕਾਰ ਤੋਂ ਪੁਰਜੋਰ ਮੰਗ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਸਥਾਪਤ ਰੇਡੀਏਸ਼ਨ ਸੇਫਟੀ ਏਜੰਸੀ ਨੂੰ ਫੌਰੀ ਤੌਰ ਤੇ ਹਦਾਇਤਾਂ ਜਾਰੀ ਕਰਕੇ ਪੰਜਾਬ ਅੰਦਰ ਚਲ ਰਹੇ ਗੈਰ ਮਾਨਤਾ ਪ੍ਰਾਪਤ ਐਕਸ-ਰੇ ਸੈਟਰਾਂ ਉੱਪਰ ਨੁਕੇਲ ਕੱਸੀ ਜਾਵੇ ਅਤੇ ਸਿਰਫ ਯੋਗਤਾ ਪ੍ਰਾਪਤ ਰੇਡੀਏਸ਼ਨ ਕਾਮਿਆਂ ਵਲੋਂ ਹੀ ਐਕਸ-ਰੇ ਕਰਨ ਦੀ ਸ਼ਰਤ ਨੂੰ ਲਾਗੂ ਕੀਤਾ ਜਾਵੇ। ਉਹਨਾਂ ਵਰਲਡ ਰੇਡੀਏਸ਼ਨ ਦਿਵਸ ਨੂੰ ਸਰਕਾਰੀ ਕਲੰਡਰ ਵਿਚ ਸ਼ਾਮਲ ਕਰਨ ਦੀ ਮੰਗ ਵੀ ਜੋਰ ਦੇ ਕੇ ਕੀਤੀ। ਅਖੀਰ ਵਿਚ ਵਰਲਡ ਰੇਡੀਓਗ੍ਰਾਫੀ ਦਿਵਸ ਦੀ ਖੁਸ਼ੀ ਵਿਚ ਕੇਕ ਕੱਟਿਆ ਗਿਆ ਅਤੇ ਪੰਜਾਬ ਸਰਕਾਰ ਵਲੋਂ ਸੂਬੇ ਦੇ ਸਰਕਾਰੀ ਹਸਪਤਾਲਾਂ ਵਿਚ ਡਿਜੀਟਲ ਯੁਨਿਟ ਸਥਾਪਿਤ ਕਰਨ ਤੇ ਸਰਕਾਰ ਅਤੇ ਵਿਭਾਗ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਡਾ. ਰਾਜੇਸ਼ ਚੰਦਰ, ਡਾ. ਗੁਰਿੰਦਰ ਸਿੰਘ, ਮਿਸ ਕੁਲਵਿੰਦਰ ਕੌਰ, ਵਿਜੇ ਕੁਮਾਰ, ਪ੍ਰਿਤਪਾਲ ਸਿੰਘ, ਅਸ਼ੀਸ਼ ਕੁਮਾਰ, ਸੁਖਪ੍ਰੀਤ ਕੌਰ ਆਦਿ ਹਾਜਰ ਸਨ।