* ਪਿੰਡ ਹਰਦਾਸਪੁਰ ਤੇ ਖਜੂਰਲਾ ‘ਚ ਸੁਣੀਆਂ ਸਮੱਸਿਆਵਾਂ
ਫਗਵਾੜਾ (ਡਾ ਰਮਨ) ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਲਾਗੂ ਕੀਤੇ ਲਾਕਡਾਉਨ ਕਰਫਿਉ ਦੌਰਾਨ ਪਿੰਡ ਪੱਧਰ ‘ਤੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਜਾਇਜ਼ਾ ਲੈਣ ਲਈ ਫੂਡ ਐਗਰੋ ਕਾਰਪੋਰੇਸ਼ਨ ਪੰਜਾਬ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਸਾਬਕਾ ਕੈਬਿਨੇਟ ਮੰਤਰੀ ਨੇ ਅੱਜ ਪਿੰਡ ਹਰਦਾਸਪੁਰ ਅਤੇ ਖਜੂਰਲਾ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਕਿਸਾਨਾਂ ਨਾਲ ਮੁਲਾਕਾਤ ਕਰਕੇ ਕਰਫਿਊ ਦੌਰਾਨ ਪੇਸ਼ ਆ ਰਹੀਆਂ ਮੁਸ਼ਕਲਾਂ ਅਤੇ ਪਰੇਸ਼ਾਨੀਆਂ ਸੁਣੀਆਂ। ਮਾਨ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਨਿਰਦੇਸ਼ ਅਨੁਸਾਰ ਫਗਵਾੜਾ ਪ੍ਰਸ਼ਾਸਨ ਵੱਲੋਂ ਕਰਫਿਉ ਦੌਰਾਨ ਲੋਕਾਂ ਨੂੰ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ। ਉਹਨਾਂ ਕਿਸਾਨਾ ਨੂੰ ਦੱਸਿਆ ਕਿ ਕੋਰੋਨਾ ਵਾਇਰਸ ਆਫਤ ਦੀ ਵਜ੍ਹਾ ਨਾਲ ਇਸ ਵਾਰ ਮੰਡੀਆਂ ਵਿਚ ਕੁੱਝ ਖਾਸ ਨਿਯਮ ਬਣਾਏ ਗਏ ਹਨ ਜਿਸ ਵਿਚ ਕਣਕ ਵੇਚਣ ਲਈ ਕਿਸਾਨਾ ਨੂੰ ਟੋਕਨ ਜਾਰੀ ਕੀਤੇ ਜਾ ਰਹੇ ਹਨ ਅਤੇ ਵਾਰੋ ਵਾਰੀ ਆੜਤੀਆਂ ਵਲੋਂ ਕਿਸਾਨਾ ਨੂੰ ਫੋਨ ਰਾਹੀਂ ਸੂਚਨਾ ਦੇ ਕੇ ਸੱਦਿਆ ਜਾ ਰਿਹਾ ਹੈ ਤਾਂ ਜੋ ਮੰਡੀ ਵਿਚ ਭੀੜ ਨਾ ਹੋਵੇ। ਉਹਨਾਂ ਜਿੱਥੇ ਪਿੰਡ ਵਾਸੀਆਂ ਨੂੰ ਲਾਕਡਾਉਨ ਕਰਫਿਉ ਦੌਰਾਨ ਬਿਨਾ ਜਰੂਰੀ ਕੰਮ ਦੇ ਘਰੋਂ ਬਾਹਰ ਨਾ ਆਉਣ ਦੀ ਅਪੀਲ ਕੀਤੀ ਉੱਥੇ ਹੀ ਸਰੀਰਿਕ ਦੂਰੀ ਬਣਾ ਕੇ ਰੱਖਣ ਪ੍ਰਤੀ ਵੀ ਸਚੇਤ ਕੀਤਾ। ਮਾਨ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਹੋਵੇ ਤਾਂ ਉਹਨਾਂ ਦੇ ਨੋਟਿਸ ਵਿਚ ਲਿਆਂਦੀ ਜਾਵੇ ਤਾਂ ਜੋ ਸਮੇਂ ਸਿਰ ਢੁਕਵਾਂ ਹਲ ਕਰਵਾਇਆ ਜਾ ਸਕੇ। ਇਸ ਮੌਕੇ ਸਰਪੰਚ ਅਜੇ ਕੁਮਾਰ ਹੈਪੀ, ਇਕਬਾਲ ਸਿੰਘ ਪਾਲਾ, ਤੀਰਥ ਸਿੰਘ ਸਾਬਕਾ ਸਰਪੰਚ, ਹਰਨੇਕ ਸਿੰਘ ਨੇਕਾ ਪੰਚ ਹਰਦਾਸਪੁਰ, ਗਿਆਨ ਪੰਚ, ਰਾਣੀ ਪੰਚ ਤੋਂ ਇਲਾਵਾ ਰਵੀ, ਬਖਸ਼ੋ, ਰਣਜੀਤ ਕੌਰ ਪੰਚ, ਵਿਪਨ ਕੁਮਾਰ ਆਦਿ ਹਾਜਰ ਸਨ।