(ਸਾਹਬੀ ਦਾਸੀਕੇ)

ਸ਼ਾਹਕੋਟ/ਮਲਸੀਆ

ਠਾਕੁਰ ਦੁਆਰਾ ਦਿਵਿਆ ਯੋਗ ਆਸ਼ਰਮ ਨਵਾਂ ਕਿਲਾ ਰੋਡ ਸ਼ਾਹਕੋਟ ਵਿਖੇ ਸੋਮਵਾਰ ਸਵੇਰੇ ਕੰਮ ਕਰਦਿਆ ਇੱਕ ਮਜ਼ਦੂਰ ਦੀ ਪੈਡ ਤੋਂ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਲੱਖਾ ਸਿੰਘ (38) ਪੁੱਤਰ ਰਛਪਾਲ ਸਿੰਘ ਵਾਸੀ ਪਿੰਡ ਕਜਰਾ ਜਿਲ੍ਹਾ ਸ਼ਾਹਜਹਾਪੁਰ (ਯੂ.ਪੀ.) ਹਾਲ ਵਾਸੀ ਮੁਹੱਲਾ ਕਰਤਾਰ ਨਗਰ ਸ਼ਾਹਕੋਟ, ਜੋਕਿ ਠੇਕੇਦਾਰ ਬਲਵੀਰ ਸਿੰਘ ਵਾਸੀ ਨਵਾਂ ਕਿਲਾ (ਸ਼ਾਹਕੋਟ) ਪਾਸ ਮਜ਼ਦੂਰੀ ਦਾ ਕੰਮ ਕਰਦਾ ਸੀ। ਰੋਜ਼ਾਨਾਂ ਦੀ ਤਰਾਂ ਮਜ਼ਦੂਰ ਲੱਖਾ ਸਿੰਘ ਠਾਕੁਰ ਦੁਆਰਾ ਦਿਵਿਆ ਯੋਗ ਆਸ਼ਰਮ ਸ਼ਾਹਕੋਟ ਵਿਖੇ ਕੰਮ ਤੇ ਗਿਆ, ਜਦ ਕਰੀਬ 11 ਵਜੇ ਉਹ ਪੈਡ ਤੇ ਚੜ੍ਹ ਕੇ ਕੰਧ ਨੂੰ ਪਾਣੀ ਲਗਾ ਰਿਹਾ ਸੀ ਕਿ ਉਹ ਅਚਾਨਕ ਪੈਡ ਤੋਂ ਹੇਠਾਂ ਫਰਸ਼ ਤੇ ਡਿੱਗ ਗਿਆ। ਫਰਸ਼ ਤੇ ਡਿੱਗਣ ਕਾਰਨ ਉਹ ਗੰਭੀਰ ਜਖਮੀ ਹੋ ਗਿਆ। ਜਦ ਉਸ ਦੇ ਸਾਥੀਆਂ ਨੇ ਮਜ਼ਦੂਰ ਲੱਖਾ ਸਿੰਘ ਨੂੰ ਫਰਸ਼ ’ਤੇ ਡਿੱਗਾ ਦੇਖਿਆ ਤਾਂ ਮਿਸਤ੍ਰੀ ਕਸ਼ਮੀਰੀ ਲਾਲ ਅਤੇ ਮਜ਼ਦੂਰ ਨਵਦੀਪ ਸਿੰਘ ਨੇ ਉਸ ਨੂੰ ਤੁਰੰਤ ਮੋਟਰਸਾਈਕਲ ਪਿੱਛੇ ਬਿਠਾ ਕੇ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਇਲਾਜ ਲਈ ਲਿਆਂਦਾ, ਜਿਥੇ ਐਮਰਜੈਂਸੀ ਡਿਊਟੀ ਤੇ ਮੌਜੂਦ ਡਾ. ਰੌਸ਼ਨ ਲਾਲ ਨੇ ਮਜ਼ਦੂਰ ਲੱਖਾ ਸਿੰਘ ਦੀ ਜਾਂਚ ਕਰਨ ਉਪਰੰਤ ਉਸ ਨੂੰ ਮ੍ਰਿਤਕ ਘੋਸਿ਼ਤ ਕਰ ਦਿੱਤਾ। ਇਸ ਹਾਦਸੇ ਬਾਰੇ ਜਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਹ ਵੀ ਸਿਵਲ ਹਸਪਤਾਲ ਸ਼ਾਹਕੋਟ ਪਹੁੰਚੇ, ਜਿਥੇ ਮ੍ਰਿਤਕ ਵਿਅਕਤੀ ਦੀ ਲਾਸ਼ ਦੇਖ ਮਾਹੌਲ ਗਮਗੀਨ ਹੋ ਗਿਆ। ਇਸ ਸਬੰਧੀ ਜਦ ਪੁਲਿਸ ਨੂੰ ਪਤਾ ਲੱਗਾ ਤਾਂ ਜਾਂਚ ਅਧਿਕਾਰੀ ਸਬ ਇੰਸਪੈਕਟਰ ਪ੍ਰਗਟ ਸਿੰਘ ਥਾਣਾ ਸ਼ਾਹਕੋਟ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ, ਜਿਨਾਂ ਮ੍ਰਿਤਕ ਵਿਅਕਤੀ ਦੀ ਪਤਨੀ ਸੁਨੀਤਾ ਰਾਣੀ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕਰ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟ ਲਈ ਸਿਵਲ ਹਸਪਤਾਲ ਨਕੋਦਰ ਭੇਜ ਦਿੱਤਾ। ਜਿਕਰਯੋਗ ਹੈ ਕਿ ਮ੍ਰਿਤਕ ਵਿਅਕਤੀ ਦਾ ਕਰੀਬ ਡੇਢ-ਦੋ ਸਾਲ ਪਹਿਲਾ ਹੀ ਵਿਆਹ ਹੋਇਆ ਸੀ।