ਸਾਹਬੀ ਦਾਸੀਕੇ ਸ਼ਾਹਕੋਟੀ

ਅੱਜ ਸ਼ਾਹਕੋਟ-ਮੋਗਾ ਨੈਸ਼ਨਲ ਹਾਈਵੇ ਤੇ ਸ਼ਾਹਕੋਟ ਵਿਖੇ ਬੁੱਧਵਾਰ ਬਾਅਦ ਦੁਪਹਿਰ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਤਿੰਨ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਮਾਰ ਜ਼ਖਮੀ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਦਿਲਪ੍ਰੀਤ ਪੁੱਤਰ ਪ੍ਰਦੀਪ ਕੁਮਾਰ ਵਾਸੀ ਪਿੰਡ ਭੋਡੀਵਾਲ ਨਜ਼ਦੀਕ ਕਮਾਲਕੇ ਥਾਣਾ ਧਰਮਕੋਟ ਜਿਲ੍ਹਾ ਮੋਗਾ ਆਪਣੇ ਦੋਸਤ ਜਗਸੀਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਸੈਦ ਮੁਹੰਮਦ ਸ਼ਾਹਵਾਲਾ (ਧਰਮਕੋਟ) ਨੂੰ ਨਾਲ ਲੈ ਕੇ ਮੋਟਰਸਾਈਕਲ ’ਤੇ ਸ਼ਾਹਕੋਟ ਆ ਰਿਹਾ ਸੀ। ਜਦੋਂ ਉਹ ਬਾਅਦ ਦੁਪਹਿਰ ਕਰੀਬ 3:30 ਵਜੇ ਪਰਜੀਆਂ ਕਲਾਂ ਮੋੜ ਨਜ਼ਦੀਕ ਫਲਾਈਓਵਰ ਸ਼ਾਹਕੋਟ ਹੇਠ ਪਹੁੰਚੇ ਤਾਂ ਅੱਗੇ ਮੂੰਹ ਢੱਕ ਕੇ ਖੜੇ 3 ਅਣਪਛਾਤੇ ਨੌਜਵਾਨਾਂ ਨੇ ਉਨਾਂ ਨੂੰ ਘੇਰ ਲਿਆ ਅਤੇ ਦਿਲਪ੍ਰੀਤ ਸਿੰਘ ਦੀ ਬਾਂਹ ਅਤੇ ਪੱਟ ’ਤੇ ਪਿਸਤੌਲ ਨਾਲ ਗੋਲੀਆਂ ਮਾਰ ਦਿੱਤੀਆਂ ਤੇ ਮੌਕੇ ਤੋਂ ਫਰਾਰ ਹੋ ਗਏ। ਜ਼ਖਮੀ ਦਿਲਪ੍ਰੀਤ ਦੇ ਦੋਸਤ ਜਗਸੀਰ ਸਿੰਘ ਨੇ ਇਸ ਘਟਨਾ ਸਬੰਧੀ ਪਿੰਡ ਰਿਸ਼ਤੇਦਾਰਾਂ ਨੂੰ ਸੂਚਨਾ ਦਿੱਤੀ ਤਾਂ ਉਨਾਂ ਮੌਕੇ ’ਤੇ ਪਹੁੰਚ ਕੇ ਦਿਲਪ੍ਰੀਤ ਨੂੰ ਸਿਵਲ ਹਸਪਤਾਲ ਸ਼ਾਹਕੋਟ ਪਹੁੰਚਾਇਆ, ਜਿਥੇ ਐਮਰਜੈਂਸੀ ਡਿਊਟੀ ਤੇ ਮੌਜੂਦ ਡਾ. ਰੌਸ਼ਨ ਲਾਲ ਨੇ ਉਸ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਮੁੱਢਲੀ ਸਹਾਇਤਾ ਦੇਣ ਉਪਰੰਤ ਜਲੰਧਰ ਰੈਫ਼ਰ ਕਰ ਦਿੱਤਾ। ਘਟਨਾ ਦਾ ਪਤਾ ਲੱਗਣ ’ਤੇ ਡੀ.ਐੱਸ.ਪੀ. ਸ਼ਾਹਕੋਟ ਵਰਿੰਦਰਪਾਲ ਸਿੰਘ ਅਤੇ ਐੱਸ.ਐੱਚ.ਓ. ਸ਼ਾਹਕੋਟ ਸੁਰਿੰਦਰ ਕੁਮਾਰ ਕੰਬੋਜ਼ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ, ਜਿਨਾਂ ਸੀ.ਸੀ, ਟੀ.ਵੀ ਦੀ ਫੁਟੇਜ ਦੇ ਆਧਾਰ ਤੇ ਹਮਲਾਵਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ। ਐੱਸ.ਐੱਚ.ਓ. ਸੁਰਿੰਦਰ ਕੁਮਾਰ ਕੰਬੋਜ਼ ਨੇ ਦੱਸਿਆ ਕਿ ਪੁਲਿਸ ਨੂੰ ਘਟਨਾ ਸਥਾਨ ਤੋਂ ਗੋਲੀਆਂ ਦੇ 2 ਖੋਲ ਬਰਾਮਦ ਹੋਏ ਹਨ ਅਤੇ ਅਣਪਛਾਤੇ ਹਮਲਾਵਰਾਂ ਖਿਲਾਫ਼ ਮਾਮਲਾ ਦਰਜ ਕਰ ਭਾਲ ਕੀਤੀ ਜਾ ਰਹੀ ਹੈ।