(ਸਾਹਬੀ ਦਾਸੀਕੇ ਅਮਨਪ੍ਰੀਤ ਸੋਨੂੰ)

ਸ਼ਾਹਕੋਟ, ਮਲਸੀਆਂ,ਕੋਰੋਨਾ ਵਾਇਰਸ ਕਾਰਨ ਲਾਕਡਾਊਨ ਦੇ ਚੱਲਦਿਆ ਸ਼ਾਹਕੋਟ ਵਿਖੇ ਪੂਰੀ ਤਰਾਂ ਸੰਨਾਟਾ ਛਾਇਆ ਹੋਣ ਕਾਰਨ ਸ਼ਾਹਕੋਟ ਵਿਖੇ ਮੋਗਾ ਰੋਡ ਪੁਰਾਣੀ ਚੁੰਗੀ ਨਜ਼ਦੀਕ ਚੋਰਾਂ ਨੇ ਮੀਟ ਮਾਰਕੀਟ ਨੂੰ ਨਿਸ਼ਾਨਾਂ ਬਣਾਉਂਦਿਆ 3 ਦੁਕਾਨਾਂ ਤੋੜ ਕੇ ਦੁਕਾਨਾਂ ਅੰਦਰ ਪਿਆ ਲੋਹੇ ਦਾ ਸਾਰਾ ਸਮਾਨ ਚੋਰੀ ਕਰ ਲਿਆ। ਬਲਕਾਰ ਮੀਟ ਸ਼ਾਪ ਦੇ ਮਾਲਕ ਚੰਨਾ ਵਾਸੀ ਮੁਹੱਲਾ ਢੇਰੀਆਂ ਸ਼ਾਹਕੋਟ, ਵਲੈਤੀਆਂ ਮੀਟ ਸ਼ਾਪ ਦੇ ਮਾਲਕ ਪਰਮਜੀਤ ਵਾਸੀ ਜੈਨ ਕਲੌਨੀ ਸ਼ਾਹਕੋਟ ਅਤੇ ਵਿੱਕੀ ਮੀਟ ਸ਼ਾਪ ਦੇ ਮਾਲਕ ਵਿੱਕੀ ਵਾਸੀ ਮੁਹੱਲਾ ਧੌੜਿਆ ਸ਼ਾਹਕੋਟ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮੋਗਾ ਰੋਡ ਸ਼ਾਹਕੋਟ ਵਿਖੇ 7 ਦੇ ਕਰੀਬ ਮੀਟ ਦੀਆਂ ਦੁਕਾਨਾਂ (ਲੱਕੜ ਦੇ ਖੋਖੇ) ਹਨ, ਜੋਕਿ ਕਰਫਿ਼ਊ ਕਰਨ 22 ਮਾਰਚ ਤੋਂ ਲਗਾਤਾਰ ਬੰਦ ਸਨ। ਉਨਾਂ ਦੱਸਿਆ ਕਿ ਐਤਵਾਰ ਸਵੇਰੇ ਜਦ ਉਨਾਂ ਦੁਕਾਨਾਂ ਤੇ ਆ ਕੇ ਦੇਖਿਆ ਤਾਂ ਉਨਾਂ ਦੀਆਂ ਦੁਕਾਨਾਂ ਟੁੱਟੀਆਂ ਹੋਈਆਂ ਸਨ। ਉਨਾਂ ਦੱਸਿਆ ਕਿ ਚੋਰ ਲੱਕੜ ਦੀਆਂ ਫੱਟੀਆਂ ਤੋੜ ਕੇ ਦੁਕਾਨਾਂ ਅੰਦਰ ਦਾਖਲ ਹੋਏ, ਜਿਨਾਂ ਦੁਕਾਨਾਂ ਅੰਦਰ ਪਈਆਂ ਤੱਕੜੀਆਂ, ਵੱਟੇ, ਕਰਦਾ, ਟੱਬ, ਬਾਲਟੀਆਂ ਆਦਿ ਸਮੇਤ ਲੋਹੇ ਦਾ ਸਾਰਾ ਸਮਾਨ ਚੋਰੀ ਕਰ ਲਿਆ। ਉਨਾਂ ਦੱਸਿਆ ਕਿ ਇਸ ਸਬੰਧੀ ਮਾਡਲ ਥਾਣਾ ਸ਼ਾਹਕੋਟ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।