(ਸਾਹਬੀ ਦਾਸੀਕੇ)

ਸ਼ਾਹਕੋਟ: ਮਲਸੀਆਂ,ਸ. ਨਵਜੋਤ ਸਿੰਘ ਮਾਹਲ ਐਸ.ਐਸ.ਪੀ. ਜਲੰਧਰ ਦਿਹਾਤੀ ਦੀਆਂ ਹਦਾਇਤਾ ਅਨੁਸਾਰ ਸ. ਪਿਆਰਾ ਸਿੰਘ ਡੀ.ਐਸ.ਪੀ. ਸਬ ਡਵੀਜ਼ਨ ਸ਼ਾਹਕੋਟ ਦੇ ਦਿਸ਼ਾ-ਨਿਰਦੇਸ਼ਾ ਤੇ ਮਾਡਲ ਥਾਣਾ ਸ਼ਾਹਕੋਟ ਦੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਕੰਬੋਜ਼ ਐਸ.ਐਚ.ਓ. ਥਾਣਾ ਸ਼ਾਹਕੋਟ ਦੀ ਅਗਵਾਈ ’ਚ ਏ.ਐਸ.ਆਈ. ਮੇਜਰ ਸਿੰਘ ਥਾਣਾ ਸ਼ਾਹਕੋਟ ਨੇ ਨਾਕਾਬੰਦੀ ਦੌਰਾਨ 2 ਨੌਜਵਾਨਾਂ ਨੂੰ 20 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਕੰਬੋਜ਼ ਐਸ.ਐਚ.ਓ. ਥਾਣਾ ਸ਼ਾਹਕੋਟ ਨੇ ਦੱਸਿਆ ਕਿ ਏ.ਐਸ.ਆਈ. ਮੇਜਰ ਸਿੰਘ ਥਾਣਾ ਸ਼ਾਹਕੋਟ ਵੱਲੋਂ ਪੁਲਿਸ ਪਾਰਟੀ ਸਮੇਤ ਪਿੰਡ ਸਲੈਚਾ (ਸ਼ਾਹਕੋਟ) ਵਿਖੇ ਫਲਾਈਓਵਰ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ 2 ਨੌਜਵਾਨ ਪੈਦਲ ਆ ਰਹੇ ਸਨ, ਜਿਨਾਂ ਨੂੰ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਰੋਕ ਕੇ ਪੁੱਛ-ਗਿੱਛ ਕੀਤੀ ਤਾਂ ਉਨਾਂ ਨੌਜਵਾਨਾਂ ਵਿੱਚੋਂ ਇੱਕ ਨੇ ਆਪਣੀ ਪਹਿਚਾਣ ਬਲਵਿੰਦਰ ਸਿੰਘ ਉਰਫ਼ ਬਿੰਦਰ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਬੂੜੇਵਾਲ (ਸ਼ਾਹਕੋਟ) ਅਤੇ ਦੂਸਰੇ ਨੌਜਵਾਨ ਨੇ ਆਪਣੀ ਪਹਿਚਾਣ ਪਲਵਿੰਦਰ ਸਿੰਘ ਉਰਫ਼ ਪਿੰਦਰ ਪੁੱਤਰ ਜੰਗ ਸਿੰਘ ਵਾਸੀ ਪਿੰਡ ਬੂੜੇਵਾਲ (ਸ਼ਾਹਕੋਟ) ਵਜੋਂ ਦੱਸੀ। ਜਿਨਾਂ ਦੀ ਤਲਾਸ਼ੀ ਲੈਣ ’ਤੇ ਬਲਵਿੰਦਰ ਸਿੰਘ ਉਰਫ਼ ਬਿੰਦਰ ਦੀ ਪੈਂਟ ਦੀ ਸੱਜੀ ਜੇਬ ਵਿੱਚੋਂ ਮਿਲੇ ਇੱਕ ਮੋਮੀ ਲਿਫਾਫ਼ੇ ਵਿੱਚੋਂ 10 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਇਸੇ ਤਰਾਂ ਦੂਸਰੇ ਨੌਜਵਾਨ ਪਲਵਿੰਦਰ ਸਿੰਘ ਉਰਫ਼ ਪਿੰਦਰ ਦੀ ਤਲਾਸੀ ਲੈਣ ਤੇ ਉਸ ਦੀ ਪੈਂਟ ਦੀ ਖੱਬੀ ਜੇਬ ਵਿੱਚੋਂ ਮਿਲੇ ਮੋਮੀ ਲਿਫਾਫ਼ੇ ਵਿੱਚ 10 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਉਨਾਂ ਦੱਸਿਆ ਕਿ ਦੋਵੇਂ ਨੌਜਵਾਨਾਂ ਪਾਸੋਂ 10-10 ਗ੍ਰਾਮ ਕੁੱਲ 20 ਗ੍ਰਾਮ ਹੈਰੋਇਨ ਬ੍ਰਾਮਦ ਹੋਈ, ਜਿਨਾਂ ਨੂੰ ਮੌਕੇ ’ਤੇ ਹੀ ਗ੍ਰਿਫਤਾਰ ਕਰਨ ਉਪਰੰਤ ਸ਼ਾਹਕੋਟ ਪੁਲਿਸ ਵੱਲੋਂ ਦੋਵਾਂ ਖਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ਼ ਕਰਕੇ ਮਾਨਯੋਗ ਨਕੋਦਰ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਜੇਲ੍ਹ ਭੇਜ ਦਿੱਤਾ ਗਿਆ ਹੈ।