ਸਾਹਬੀ ਦਾਸੀਕੇ ਸ਼ਾਹਕੋਟੀ 7340722856

ਸ਼ਾਹਕੋਟ: ਸ੍ਰ. ਵਰਿੰਦਰਪਾਲ ਸਿੰਘ ਡੀ.ਐਸ.ਪੀ. ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਸ਼ਾਹਕੋਟ ਪੁਲਿਸ ਵੱਲੋਂ ਮਾੜੇ ਅਨਸਰਾ ਅਤੇ ਸਮੱਗਲਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਕੰਬੋਜ਼ ਐਸ.ਐਚ.ਓ. ਥਾਣਾ ਸ਼ਾਹਕੋਟ ਵੱਲੋ ਸਮੇਤ ਪੁਲਿਸ ਦੇ ਇੱਕ ਗੱਡੀ ਅਰਟਿਗਾ ਕਾਰ ’ਚ ਸਵਾਰ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਕਬਜੇ ਵਿੱਚੋ 01 ਕਿਲੋਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰ. ਵਰਿੰਦਰਪਾਲ ਸਿੰਘ ਡੀ.ਐਸ.ਪੀ. ਸਬ ਡਵੀਜਨ ਸ਼ਾਹਕੋਟ ਨੇ ਦੱਸਿਆ ਕਿ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਕੰਬੋਜ ਐਸ.ਐਚ.ਓ. ਥਾਣਾ ਸ਼ਾਹਕੋਟ ਨੇ ਸਮੇਤ ਪੁਲਿਸ ਪਾਰਟੀ ਦੇ ਨਜਦੀਕ ਏ.ਪੀ.ਐਸ. ਕਾਲਜ ਆਫ਼ ਨਰਸਿੰਗ ਮੇਨ ਰੋਡ ਮਲਸੀਆ ਵਿਖੇ ਨਾਕਾ ਬੰਦੀ ਕੀਤੀ ਹੋਈ ਸੀ ਤਾਂ ਇਸੇ ਦੌਰਾਨ ਇੱਕ ਚਿੱਟੇ ਰੰਗ ਦੀ ਅਰਟਿਗਾ ਕਾਰ ਨੰਬਰ ਪੀ.ਬੀ.09-ਏ.ਸੀ.-2290 ਆਈ, ਜਿਸ ਨੂੰ ਰੋਕ ਕੇ ਕਾਰ ਚਾਲਕ ਦਾ ਨਾਅ ਪਤਾ ਪੁੱਛਿਆ ਤਾਂ ਕਾਰ ਚਾਲਕ ਦੀ ਪਹਿਚਾਨ ਲਖਵੀਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਲਾਟੀਆਵਾਲ ਥਾਣਾ ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ ਵਜੋਂ ਹੋਈ, ਜਿਸ ਦੌਰਾਨ ਕਾਰ ਦੀ ਤਲਾਸ਼ੀ ਲੈਣ ਤੇ ਕਾਰ ਵਿੱਚੋਂ 01 ਕਿਲੋਗ੍ਰਾਮ ਹੈਰੋਇਨ ਬ੍ਰਾਮਦ ਹੋਈ। ਜਿਸ ਤੇ ਪੁਲਿਸ ਨੇ ਦੋਸੀ ਨੂੰ ਮੌਕੇ ਤੇ ਹੀ ਕਾਬੂ ਕਰ ਉਸ ਦੇ ਖਿਲਾਫ਼ ਮੁਕੱਦਮਾ ਨੰਬਰ 250 ਮਿਤੀ 28-08-2020 ਜ਼ੁਰਮ 21-ਸੀ-61-85 ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਉਨਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਦੋਸ਼ੀ ਲਖਵੀਰ ਸਿੰਘ (ਉਮਰ 32 ਸਾਲ) ਨੇ ਦੱਸਿਆ ਕਿ ਉਹ 9 ਕਲਾਸਾ ਪਾਸ ਹੈ ਅਤੇ ਉਸ ਨੇ ਬਰਾੜ ਨਰਸਿੰਗ ਹੋਮ ਦਿਆਲਪੁਰ ਤੋ ਫਾਰਮੇਸੀ ਦੀ ਟ੍ਰੇਨਿੰਗ ਕੀਤਾ ਸੀ ਤੇ ਟ੍ਰੇਨਿੰਗ ਕਰਨ ਤੋ ਬਾਅਦ ਉਹ ਅਰਸਾ ਕਰੀਬ 5/6 ਸਾਲ ਤੋ ਪਿੰਡ ਲਾਟੀਆਵਾਲ ਵਿੱਚ ਹੀ ਆਪਣਾ ਕਲੀਨਿਕ ਚਲਾਉਦਾ ਹੈ। ਉਹ ਚਾਰ ਭਰਾ ਹਨ ਅਤੇ ਉਹਨਾਂ ਚਾਰਾ ਭਰਾਵਾ ਪਾਸ 8 ਕਿੱਲੇ ਜਮੀਨ ਹੈ ਅਤੇ ਕਲੀਨਿਕ ਦੇ ਨਾਲ-ਨਾਲ ਖੇਤੀਬਾੜੀ ਦਾ ਕੰਮ ਵੀ ਕਰਦਾ ਹੈ। ਖੇਤੀਬਾੜੀ ਅਤੇ ਕਲੀਨਿਕ ਦੇ ਕੰਮਕਾਰ ਨਾਲ ਉਸ ਦਾ ਗੁਜਾਰਾ ਮੁਸ਼ਕਲ ਨਾਲ ਚੱਲਦਾ ਸੀ। ਜਿਸ ਕਰਕੇ ਉਹ ਵੱਡੇ ਪੱਧਰ ਤੇ ਨਸ਼ੇ ਦਾ ਕਾਰੋਬਾਰ ਕਰਨ ਲੱਗ ਪਿਆ ਸੀ। ਉਹ ਕਾਫੀ ਸਮੇਂ ਤੋ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ। ਉਸ ਦੇ ਖਿਲਾਫ ਥਾਣਾ ਸੁਲਤਾਨਪੁਰ ਲੋਧੀ ਵਿਖੇ ਪਹਿਲਾ 2 ਮੁਕੱਦਮੇ ਦਰਜ ਹੋਏ ਹਨ ਜਿਹਨਾਂ ਵਿੱਚੋ ਉਹ ਜਮਾਨਤ ਪਰ ਆਇਆ ਹੋਇਆ ਹੈ। ਉਨਾਂ ਦੱਸਿਆ ਕਿ ਉਸ ਦੇ 02 ਭਰਾ ਧਰਮਿੰਦਰ ਸਿੰਘ ਅਤੇ ਨਿੰਦਰ ਸਿੰਘ ਪਹਿਲਾ ਹੀ ਨਸ਼ੇ ਦੀ ਸਮੱਗਲਿੰਗ ਦੇ ਮੁਕੱਦਮਿਆ ਵਿੱਚ ਜੇਲ ਵਿੱਚ ਬੰਦ ਹਨ। ਜੋ ਅੱਜ ਉਹ ਹੈਰੋਇਨ ਲੈ ਕੇ ਸ਼ਾਹਕੋਟ ਸਾਈਡ ਵੇਚਣ ਲਈ ਆ ਰਿਹਾ ਸੀ।
ਉਨਾਂ ਦੱਸਿਆ ਕਿ ਇਸ ਨੂੰ ਅੱਜ ਪੇਸ਼ ਅਦਾਲਤ ਕਰਕੇ 4 ਦਿਨ ਦਾ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਹੈ ਅਤੇ ਇਸ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਸ ਪਾਸੋ ਨਸ਼ੇ ਦੀ ਸਮੱਗਲਿੰਗ ਵਿੱਚ ਸ਼ਾਮਲ ਵਿਅਕਤੀਆ ਬਾਰੇ ਅਹਿਮ ਸੁਰਾਗ ਲੱਗਣ ਦੀ ਆਸ ਹੈ। ਉਨਾਂ ਦੱਸਿਆ ਕਿ ਇਸ ਵੱਲੋ ਨਸ਼ੇ ਦਾ ਕਾਰੋਬਾਰ ਕਰਕੇ ਬਣਾਈ ਗਈ ਜਾਇਦਾਦ ਦਾ ਵੇਰਵਾ ਹਾਸਲ ਕੀਤਾ ਜਾ ਰਿਹਾ ਹੈ। ਇਸ ਦੀ ਜਾਇਦਾਦ ਦਾ ਵੇਰਵਾ ਹਾਸਲ ਕਰਕੇ ਇਸ ਦੀ ਜਾਇਦਾਦ ਅਟੈਚ ਕਰਵਾਈ ਜਾਵੇਗੀ।