(ਸਾਹਬੀ ਦਾਸੀਕੇ)

ਸ਼ਾਹਕੋਟ: ਮਲਸੀਆਂ,ਸ਼ਾਹਕੋਟ ਦੇ ਨਜ਼ਦੀਕੀ ਪਿੰਡ ਤਲਵੰਡੀ ਸੰਘੇੜਾ ਵਿਖੇ ਮਾਰਚ ਦੇ ਪਹਿਲੇ ਹਫ਼ਤੇ ਕੈਨੇਡਾ ਤੋਂ ਆਈ ਇੱਕ ਔਰਤ ਨੂੰ ਕਰੋਨਾ ਵਾਇਰਸ ਹੋਣ ਦੇ ਸ਼ੱਕ ਕਾਰਨ ਸਿਹਤ ਵਿਭਾਗ ਵੱਲੋਂ ਗੰਭੀਰਤਾਂ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਔਰਤ ਹੁਣ ਫਗਵਾੜਾ ਵਿਖੇ ਆਪਣਾ ਇਲਾਜ ਕਰਵਾ ਰਹੀ ਹੈ। ਜਾਣਕਾਰੀ ਅਨੁਸਾਰ ਹਰਬੰਸ ਕੌਰ (60) ਪਤਨੀ ਮਹਿੰਦਰ ਸਿੰਘ ਵਾਸੀ ਪਿੰਡ ਤਲਵੰਡੀ ਸੰਘੇੜਾ (ਸ਼ਾਹਕੋਟ) 3 ਮਾਰਚ ਨੂੰ ਕੈਨੇਡਾ ਤੋਂ ਆਈ ਸੀ, ਜਿਸ ਨੂੰ ਖੰਘ ਅਤੇ ਸਾਹ ਲੈਣ ਵਿੱਚ ਮੁਸ਼ਕਲ ਹੋਣ ਲੱਗੀ। ਕਰੋਨਾ ਵਾਇਰਸ ਵਰਗੇ ਲੱਛਣ ਹੋਣ ਕਾਰਨ ਡਿਪਟੀ ਕਮਿਸ਼ਨਰ ਕਪੂਰਥਲਾ ਵੱਲੋਂ ਸ਼ਾਹਕੋਟ ਦੇ ਸਿਹਤ ਅਧਿਕਾਰੀਆਂ ਨੂੰ ਇਸ ਔਰਤ ਬਾਰੇ ਸੂਚਨਾ ਦਿੱਤੀ ਗਈ, ਜਿਸ ’ਤੇ ਸਿਹਤ ਵਿਭਾਗ ਨੇ ਔਰਤ ਦੇ ਇਲਾਜ ਲਈ ਆਪਣੀ ਕਾਰਵਾਈ ਅਰੰਭ ਕਰ ਦਿੱਤੀ। ਇਸ ਮਾਮਲੇ ਸਬੰਧੀ ਡਾ. ਗੁਰਪ੍ਰੀਤ ਸਿੰਘ ਰੂਰਲ ਮੈਡੀਕਲ ਅਫ਼ਸਰ ਤਲਵੰਡੀ ਸੰਘੇੜਾ ਨੇ ਦੱਸਿਆ ਕਿ ਉੱਕਤ ਔਰਤ ਫਗਵਾੜਾ ਵਿਖੇ ਇਲਾਜ ਅਧੀਨ ਹੈ, ਜਿਸ ਨਾਲ ਉਸਦਾ ਪੂਰਾ ਪਰਿਵਾਰ ਵੀ ਗਿਆ ਹੋਇਆ ਹੈ। ਉਸਦੇ ਕੁੱਝ ਹੋਰ ਪਰਿਵਾਰਕ ਮੈਂਬਰ ਵੀ 11 ਮਾਰਚ ਨੂੰ ਕੈਨੇਡਾ ਤੋਂ ਆਏ ਸਨ ਅਤੇ ਉਸ ਔਰਤ ਬਾਰੇ ਇਹ ਵੀ ਪਤਾ ਲੱਗਾ ਹੈ ਕਿ ਉਸ ਨੂੰ ਪਹਿਲਾਂ ਤੋਂ ਅਸਥਮਾ ਅਤੇ ਹਾਰਡ ਦੀ ਸ਼ਿਕਾਇਤ ਸੀ, ਪਰ ਕਰੋਨਾ ਵਾਇਰਸ ਦੇ ਸ਼ੱਕ ਕਾਰਨ ਉਸਦੇ ਸੈਂਪਲ ਲਏ ਗਏ ਹਨ, ਜਿੰਨਾਂ ਦੀ ਸੋਮਵਾਰ ਨੂੰ ਰਿਪੋਰਟ ਆਵੇਗੀ। ਉਨਾਂ ਦੱਸਿਆ ਕਿ ਉਸ ਔਰਤ ਦੇ ਘਰ ’ਚ ਕੰਮ ਕਰਦੀ ਇੱਕ ਔਰਤ ਸ਼ੀਲਾ ਰਾਣੀ ਨੂੰ ਵੀ ਉਨਾਂ ਦੇ ਘਰ ਜਾਣ ਤੋਂ ਰੋਕ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਪਿੰਡਾਂ ਵਿਚ ਵਿਦੇਸ਼ਾਂ ਤੋਂ ਆਏ ਵਿਅਕਤੀਆਂ ਬਾਰੇ ਸਰਵੇਖਣ ਕੀਤਾ ਜਾ ਰਿਹਾ ਹੈ ਅਤੇ ਜੇਕਰ ਕੋਈ ਕਰੋਨਾ ਵਾਇਰਸ ਦਾ ਸ਼ੱਕੀ ਵਿਅਕਤੀ ਮਿਲਦਾ ਹੈ ਤਾਂ ਉਸਨੂੰ ਤੁਰੰਤ ਇਲਾਜ ਲਈ ਰੈਫਰ ਕੀਤਾ ਜਾ ਰਿਹਾ ਹੈ।