ਰੈਸਟਰਾਂ,ਹੋਟਲ ਤੇ ਸ਼ਰਾਬ ਦੇ ਠੇਕੇ 8:30 ਵਜੇ ਤੱਕ ਅਤੇ ਦੁਕਾਨਾਂ,ਸ਼ਾਪਿੰਗ ਮਾਲ 8ਵਜੇ ਤੱਕ ਖੁੱਲੇ ਰਹਿਣਗੇ

ਕਪੂਰਥਲਾ (ਡਾ ਰਮਨ )
ਡਿਪਟੀ ਕਮਿਸ਼ਨਰ ਕਮ ਜਿਲਾ ਮੈਜਿਸਟਰੇਟ ਕਪੂੁਰਥਲਾ ਸ੍ਰੀਮਤੀ ਦੀਪਤੀ ਉੱਪਲ ਵਲੋਂ ਕੋਰੋਨਾ ਦੇ ਤੇਜੀ ਨਾਲ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਹ ਹਦਾਇਤਾਂ ਕਪੂਰਥਲਾ ਜ਼ਿਲੇ ਦੀਆਂ ਨਗਰ ਨਿਗਮਾਂ,ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਦੀ ਹਦੂਦ ਅੰਦਰ 18 ਅਗਸਤ 2020 ਤੋਂ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੀਆ।
ਨਵੇਂ ਹੁਕਮਾਂ ਅਨੁਸਾਰ ਰਾਤ 9 ਤੋਂ ਸਵੇਰੇ 5 ਵਜੇ ਤੱਕ ਨਗਰ ਨਿਗਮਾਂ , ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਦੀ ਹਦੂਦ ਅੰਦਰ ਗੈਰ ਜ਼ਰੂਰੀ ਗਤੀਵਿਧੀਆਂ ਲਈ ਆਵਾਜਾਈ ਤੇ ਮੁਕੰਮਲ ਰੋਕ ਹੋਵੇਗੀ। ਉਨਾਂ ਨਾਲ ਹੀ ਸਪੱਸ਼ਟ ਕੀਤਾ ਕਿ ਜ਼ਰੂਰੀ ਗਤੀਵਿਧੀਆਂ ਜਿਵੇ ਕੰਮ ਦੀ ਸ਼ਿਫਟ ਲਈ ਜਾਣਾ, ਕੌਮੀ ਅਤੇ ਰਾਜ ਮਾਰਗਾਂ ਉੱਪਰ ਵਿਅਕਤੀਆਂ ਤੇ ਵਸਤਾਂ ਦੀ ਆਵਾਜਾਈ, ਕਾਰਗੋੋ ਦੀ ਅਨਲੋਡਿੰਗ,ਬੱਸਾਂ,ਰੇਲ ਗੱਡੀਆਂ ਤੇ ਹਵਾਈ ਜਹਾਜਾਂ ਵਿਚੋਂ ਉੱਤਰਣ ਉਪਰੰਤ ਆਪਣੀ ਮੰਜ਼ਿਲ ਵੱਲ ਜਾਣ ਵਾਲਿਆਂ ਲਈ ਆਵਾਜਾਈ ਦੀ ਛੋਟ ਹੋਵੇਗੀ।
ਇਸੇ ਤਰਾਂ ਦੋ ਤੋਂ ਤਿੰਨ ਸ਼ਿਫਟਾਂ ਵਿਚ ਕੰਮ ਕਰਨ ਵਾਲੇ ਉਦਯੋਗ ਖੁੱਲੇ ਰਹਿਣਗੇ।

ਉਨਾਂ ਅੱਗੇ ਦੱਸਿਆ ਕਿ ਜ਼ਿਲ੍ਹੇ ਦੇ ਸ਼ਹਿਰੀ ਖੇਤਰਾਂ ਵਿਚ ਸਥਿਤ ਰੈਸਟਰਾਂ,ਹੋਟਲ ਅਤੇ ਹੋਰ ਪ੍ਰਾਹੁਣਚਾਰੀ ਯੂਨਿਟ ਕੇਵਲ ਰਾਤ 8:30 ਵਜੇ ਤੱਕ ਖੁੱਲਣਗੇ। ਜਦਕਿ ਦੁਕਾਨਾਂ ਅਤੇ ਸ਼ਾਪਿੰਗ ਮਾਲ ਰਾਤ 8 ਵਜੇ ਤੱਕ ਖੁੱਲੇ ਰਹਿਣਗੇ।
ਇਸ ਤੋਂ ਇਲਾਵਾ ਸ਼ਾਪਿੰਗ ਮਾਲਾ ਦੇ ਵਿਚ ਸਥਿਤ ਰੈਸਟਰਾਂ ਅਤੇ ਹੋਟਲ 8:30 ਵਜੇ ਤੱਕ ਖੁੱਲੇ ਰਹਿਣਗੇ।
ਇਸੇ ਤਰ੍ਹਾਂ ਸ਼ਰਾਬ ਦੇ ਠੇਕਿਆਂ ਦੇ ਖੁੱਲੇ ਰਹਿਣ ਦੀ ਸਮਾਂ ਹੱਦ ਵੀ ਰਾਤ 8:30 ਹੈ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਨੀਵਾਰ ਅਤੇ ਐਤਨਾਰ ਨੂੰ ਵੱਡੇ ਸ਼ਹਿਰਾਂ ਲੁਧਿਆਣਾ,ਪਟਿਆਲਾ,ਜਲੰਧਰ ਜਾਣ ਤੋਂ ਗੁਰੇਜ ਕਰਨ। ਉਨ੍ਹਾਂ ਨਾਲ ਹੀ ਸਪੱਸ਼ਟ ਕੀਤਾ ਕਿ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ ਅਤੇ ਸ਼ਾਪਿੰਗ ਮਾਲ ਪੂਰੇ ਜ਼ਿਲ੍ਹੇ ਵਿੱਚ ਹਰ ਐਤਵਾਰ ਮੁਕੰਮਲ ਰੂਪ ਵਿੱਚ ਬੰਦ ਰਹਿਣਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤੀ ਨਾਲ ਪੇਸ਼ ਆਇਆਂ ਜਾਵੇਗਾ।