ਫਗਵਾੜਾ (ਡਾ ਰਮਨ )
ਏ ਡੀ ਸੀ ਫਗਵਾੜਾ ਸ਼੍ਰੀ ਰਾਜੀਵ ਵਰਮਾ, ਪੀ ਸੀ ਐੱਸ ਨੇ ਸਵੱਛਤਾ ਪੰਦਰਵਾੜੇ ਦੀ ਮੁਹਿੰਮ ਵਿੱਚ ਇੱਕ ਹੋਰ ਕੜੀ ਜੋੜਦਿਆਂ ਹੋਇਆ ਦਫਤਰ ਨਗਰ ਸੁਧਾਰ ਟਰੱਸਟ ਫਗਵਾੜਾ ਦੀ ਬਿਲਡਿੰਗ ਦੇ ਬਾਹਰ ਆਮ ਲੋੜਵੰਦਾਂ ਦੀ ਮੱਦਦ ਹਿੱਤ “ਵਾਲ ਆਫ ਚੈਰਿਟੀ” ਦਾ ਸੰਚਾਲਣ ਕਰ ਰਹੀ ਸੰਸਥਾ “ਏਕ ਕੋਸ਼ਿਸ਼ (ਰਜਿ)” ਦੇ ਪ੍ਰਧਾਨ ਸ਼੍ਰੀਮਤੀ ਸਾਓਦੀ ਸਿੰਘ ਦੇ ਸਹਿਯੋਗ ਨਾਲ ਸਵੱਛਤਾ ਮੁਹਿੰਮ ਦੇ ਸਲੋਗਨ “ਮੇਰਾ ਕੂੜਾ, ਮੇਰੀ ਜਿੰਮੇਵਾਰੀ” ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਪਹਿਲ ਕਦਮੀ ਕੀਤੀ ਗਈ।
“ਵਾਲ ਆਫ ਚੈਰਿਟੀ” ਦੇ ਸਥਾਨ ਤੇ ਸਮਾਜ ਦੇ ਸਮਪੰਨ ਪਰਿਵਾਰਾਂ ਵੱਲੋਂ ਪਹਿਨਣਯੋਗ ਵਾਧੂ ਕੱਪੜੇ ਰੱਖੇ ਜਾਂਦੇ ਹਨ, ਜਿਹਨਾਂ ਨੂੰ ਕੋਈ ਵੀ ਲੋੜਵੰਦ ਵਿਅਕਤੀ ਆਪਣੀ ਜਰੂਰਤ ਮੁਤਾਬਕ ਮੁਫਤ ਵਿੱਚ ਇਸ ਜਗ੍ਹਾ ਤੋਂ ਕੱਪੜੇ ਲਿਜਾ ਸਕਦਾ ਹੈ। ਇਸ ਤੋਂ ਇਲਾਵਾ ਵਾਧੂ ਕੱਪੜੇ ਝੌਂਪੜੀਆਂ ਵਾਲਿਆਂ/ਅਨਾਥ ਆਸ਼ਰਮ/ਗੂੰਜ ਸੰਸਥਾ ਆਦਿ ਨੂੰ ਵੀ ਦੇ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਜੋ ਕੱਪੜੇ ਵਰਤੋਂ ਵਿੱਚ ਨਹੀਂ ਆ ਸਕਦੇ, ਸੰਸਥਾ ਦੀ ਪ੍ਰਧਾਨ ਸ਼੍ਰੀਮਤੀ ਸਾਓਦੀ ਸਿੰਘ ਵੱਲੋਂ ਉਹਨਾਂ ਕੱਪੜਿਆਂ ਦੇ ਕੈਰੀ ਬੈਗ ਬਣਾ ਕੇ ਏ. ਡੀ. ਸੀ. ਫਗਵਾੜਾ ਵੱਲੋਂ ਵੱਖ—ਵੱਖ ਵਰਗ ਦੇ ਲੋਕਾਂ ਨੂੰ ਮੁਫਤ ਵਿੱਚ ਵੰਡੇ, ਜਿਸ ਦਾ ਇੱਕੋ—ਇੱਕ ਮਕਸਦ ਹੈ ਕਿ ਪਲਾਸਟਿਕ ਦੀ ਵਰਤੋਂ ਖਤਮ ਕਰਨੀ ਹੈ।
ਇਸ ਮੌਕੇ ਸ਼੍ਰੀ ਵਰਮਾ ਨੇ ਫਗਵਾੜਾ ਵਾਸੀਆਂ ਨੂੰ ਮੁੜ ਅਪੀਲ ਕੀਤੀ ਕਿ ਨਗਰ ਨਿਗਮ ਵੱਲੋਂ ਮਿਤੀ 01—10—2020 ਤੋਂ 15—10—2020 ਤੱਕ ਸਫਾਈ ਅਭਿਆਨ ਤਹਿਤ “ਮੇਰਾ ਕੂੜਾ, ਮੇਰੀ ਜਿੰਮੇਵਾਰੀ” ਵਿੱਚ ਵੱਧ ਤੋਂ ਵੱਧ ਸਹਿਯੋਗ ਕਰਨ ਅਤੇ ਕੋਸ਼ਿਸ਼ ਕਰਨ ਕੇ ਪਲਾਸਟਿਕ ਕੈਰੀ ਬੈਗ ਦੀ ਵਰਤੋਂ ਨੂੰ ਖਤਮ ਕਰਦੇ ਹੋਏ ਆਪਣੇ ਘਰ ਤੋਂ ਹੀ ਕੱਪੜੇ ਦੇ ਬਣੇ ਹੋਏ ਥੈਲਿਆਂ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਜਨਵਰੀ 2021 ਵਿੱਚ ਹੋਣ ਵਾਲੇ ਸਵੱਛ ਸਰਵੇਖਣ ਵਿੱਚ ਫਗਵਾੜਾ ਸ਼ਹਿਰ ਦੀ ਰੈਂਕਿੰਗ ਵਧਾਈ ਜਾ ਸਕੇ। ਜੇਕਰ ਫਗਵਾੜਾ ਸ਼ਹਿਰ ਦੀ ਰੈਂਕਿੰਗ ਵਧੇਗੀ ਤਾਂ ਸ਼ਹਿਰ ਵਾਸੀਆਂ ਦਾ ਮਾਣ ਵੀ ਵਧੇਗਾ। ਇਸ ਲਈ ਸਾਰੇ ਫਗਵਾੜਾ ਵਾਸੀਆਂ ਨੂੰ ਅਪੀਲ ਹੈ ਕਿ ਇਸ ਅਭਿਆਨ ਵਿੱਚ ਸਹਿਯੋਗ ਕਰਨ ਤਾਂ ਜੋ ਅਸੀਂ ਆਪਣੇ ਸ਼ਹਿਰ ਫਗਵਾੜਾ ਨੂੰ Neat & Clean ਬਣਾ ਸਕੀਏ।
ਸ਼੍ਰੀ ਵਰਮਾ ਨੇ ਫਗਵਾੜਾ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਕਰੋਨਾ ਵਾਇਰਸ ਤੋਂ ਬਚਾਓ ਲਈ ਹਰ ਸ਼ਹਿਰ ਵਾਸੀ ਸ਼ੋਸ਼ਲ ਡਿਸਟੈਂਸ ਦੀ ਪਾਲਣਾ, ਮਾਸਕ ਦੀ ਵਰਤੋਂ ਕਰੇ ਅਤੇ ਸਾਬਣ ਜਾਂ ਸੈਨੇਟਾਈਜ਼ਰ ਨਾਲ ਆਪਣੇ ਹੱਥ ਸਮੇਂ ਸਮੇਂ ਤੇ ਸਾਫ ਕਰਨੇ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ।