ਫਗਵਾੜਾ ( ਡਾ ਰਮਨ) ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਫਗਵਾੜਾ ‘ਚ ਜਾਰੀ ਲੋਕ ਡਾਉਨ ਅਤੇ ਕਰਫਿਊ ਦੇ ਚਲਦੇ ਘਰਾਂ ਵਿਚੋਂ ਰੁਜਗਾਰ ਕਮਾਉਣ ਲਈ ਬਾਹਰ ਆਉਣ ਤੋਂ ਵਾਂਝੇ ਹੋਏ ਸਲਮ ਬਸਤੀਆਂ ਦੇ ਦਿਹਾੜੀਦਾਰ ਗਰੀਬ ਲੋਕਾਂ ਦੀ ਸਹੂਲਤ ਲਈ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਲੋਂ ਬੀਤੀ 23 ਮਾਰਚ ਨੂੰ ਸ਼ੁਰੂ ਕਰਵਾਈ ਗਈ ਭੋਜਨ ਮੁਹੱਈਆ ਕਰਵਾਉਣ ਦੀ ਮੁਹਿਮ ਨੂੰ ਉਨ੍ਹਾਂ ਦੇ ਪੁੱਤਰ ਕਮਲ ਧਾਲੀਵਾਲ ਅਤੇ ਹਨੀ ਧਾਲੀਵਾਲ ਪੂਰੀ ਤਨਦੇਹੀ ਨਾਲ ਜਾਰੀ ਰੱਖੇ ਹੋਏ ਹਨ। ਇਨ੍ਹਾਂ ਬਸਤੀਆਂ ਵਿਚ ਕਰੀਬ ਢਾਈ ਹਜਾਰ ਲੋਕਾਂ ਲਈ ਖਾਣਾ ਤਿਆਰ ਕਰਵਾ ਕੇ ਲਿਆਏ ਕਮਲ ਧਾਲੀਵਾਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਗੁਰੂ ਸਾਹਿਬਾਨ ਵਲੋਂ ਦਿੱਤੇ ਮਨੁੰਖਤਾ ਦੀ ਸੇਵਾ ਦੇ ਉਪਦੇਸ਼ ਦੀ ਇਸ ਔਖੀ ਘੜੀ ਵਿਚ ਪਾਲਣਾ ਕਰਨ ਦਾ ਉਪਰਾਲਾ ਕਰ ਰਹੇ ਹਨ। ਉਨ੍ਹਾਂ ਦੇ ਪਿਤਾ ਵਿਧਾਇਕ ਧਾਲੀਵਾਲ ਨੇ ਪਹਿਲੇ ਦਿਨ ਇੱਕ ਹਜਾਰ ਲੋਕਾਂ ਲਈ ਖਾਣਾ ਤਿਆਰ ਕਰਵਾ ਕੇ ਜੋ ਮੁਹਿਮ ਅਰੰਭੀ ਸੀ ਉਸਨੂੰ ਸਹਿਯੋਗੀ ਨੌਜਵਾਨਾ ਦੀ ਮਦੱਦ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਅੱਜ ਢਾਈ ਹਜਾਰ ਲੋਕਾਂ ਲਈ ਭੋਜਨ ਦੀ ਵਿਵਸਥਾ ਕੀਤੀ ਗਈ ਹੈ ਅਤੇ ਰਾਜੀਵ ਸ਼ਰਮਾ, ਰਘੂ ਸ਼ਰਮਾ, ਹਨੀ ਧਾਲੀਵਾਲ, ਈਸ਼ੂ ਵਰਮਾਨੀ, ਪੰਕਜ, ਉਦੈ ਖੁੱਲਰ, ਯੁਵਰਾਜ ਅਤੇ ਪਾਰਸ ਸਮੇਤ ਸਮੂਹ ਨੌਜਵਾਨਾ ਦੀ ਮਦੱਦ ਨਾਲ ਭੋਜਨ ਵਰਤਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਖਤਰੇ ਕਾਰਨ ਜਦੋਂ ਤੱਕ ਇਹ ਲੋਕ ਰੁਜਗਾਰ ਲਈ ਬਾਹਰ ਨਹੀਂ ਨਿਕਲ ਸਕਦੇ ਉਸ ਸਮੇਂ ਤਕ ਰੋਜਾਨਾ ਇਹ ਸੇਵਾ ਜਾਰੀ ਰੱਖੀ ਜਾਵੇਗੀ।