ਫਗਵਾੜਾ, (ਡਾ ਰਮਨ ) ਪਿੰਡ ਸਾਹਨੀ ਦੇ ਗੁਰੂ ਨਾਨਕ ਬਿਰਧ, ਅਨਾਥ ਅਤੇ ਨੈਤ੍ਰਹੀਣ ਆਸ਼ਰਮ ਵਿਖੇ ਸਰਬ ਨੌਜਵਾਨ ਸਭਾ ( ਰਜਿ:) ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ ਫਗਵਾੜਾ ਸ਼ਹਿਰ ਤੋਂ ਇਕੱਤਰ ਕੀਤਾ ਆਸ਼ਰਮ ਦੀ ਵਰਤੋਂ ਵਾਲਾ ਸਮਾਨ ਜਿਸ ਵਿੱਚ ਡਾਕਟਰੀ ਬੈਡ, ਵੀਲ ਚੇਅਰ, ਕੱਪੜੇ ਆਦਿ ਵੀ ਸ਼ਾਮਲ ਸਨ, ਆਸ਼ਰਮ ਦੇ ਪ੍ਰਧਾਨ ਕਰਤਾਰ ਸਿੰਘ ਮਾਇਓ ਪੱਟੀ ਅਤੇ ਚੇਅਰਮੈਨ ਰਣਜੀਤ ਸਿੰਘ ਨੂੰ ਸਪੁਰਦ ਕੀਤਾ ਗਿਆ। ਇਸ ਸਮੇਂ ਬੋਲਦਿਆਂ ਸਾਹਿੱਤਕਾਰ ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਕਿਸੇ ਵੀ ਹੋਰ ਸੰਸਥਾ ਨੂੰ ਪੁੰਨ-ਸਹਾਇਤਾ-ਮਾਇਕ ਮਦਦ ਦੀ ਵਿਜਾਏ ਇਹੋ ਜਿਹੀਆਂ ਸੰਸਥਾਵਾਂ ਨੂੰ ਆਰਥਿਕ ਮਦਦ ਦੀ ਵਧੇਰੇ ਲੋੜ ਹੈ, ਜਿਥੇ ਬਜ਼ੁਰਗ ਔਰਤਾਂ, ਮਰਦਾਂ, ਬੱਚਿਆਂ ਦੀ ਸੰਸਥਾ ਵਲੋਂ ਦੇਖ-ਭਾਲ ਕੀਤੀ ਜਾਂਦੀ ਹੈ। ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਇਥੇ ਕੋਈ ਕਿੱਤਾ ਸਿਖਲਾਈ ਪ੍ਰੋਗਰਾਮ ਸ਼ੁਰੂ ਕਰਵਾਉਣਗੇ ਤਾਂ ਕਿ ਇਥੇ ਰਹਿਣ-ਵਸੇਰਾ ਕਰ ਰਹੇ ਲੋਕਾਂ ਨੂੰ ਕੋਈ ਕੰਮ ਕਰਨਾ ਸਿਖਾਇਆ ਜਾਏ। ਆਸ਼ਰਮ ਦੇ ਪ੍ਰਧਾਨ ਕਿਰਪਾਲ ਸਿੰਘ ਮਾਈਓ ਪੱਟੀ ਨੇ ਦੱਸਿਆ ਕਿ ਆਸ਼ਰਮ ਵਿੱਚ 100 ਤੋਂ ਵੱਧ ਬੱਚੇ, ਬਜ਼ੁਰਗ ਔਰਤਾਂ ਦੇ ਰਹਿਣ-ਸਹਿਣ, ਦਵਾਈਆਂ ਆਦਿ ਦਾ ਪ੍ਰਬੰਧ ਲੋਕਾਂ ਦੇ ਸਹਿਯੋਗ ਅਤੇ ਸਹਾਇਤਾ ਨਾਲ ਕੀਤਾ ਜਾਂਦਾ ਹੈ। ਹੋਰਨਾਂ ਤੋਂ ਬਿਨ੍ਹਾਂ ਇਸ ਸਮੇਂ ਸੁਰਜੀਤ ਸਿੰਘ ਸਾਹਨੀ, ਸਤਨਾਮ ਸਿੰਘ ਸਾਹਨੀ ਮੁੱਖ ਸਲਾਹਕਾਰ, ਕਰਤਾਰ ਸਿੰਘ ਬਲਾਕੀਪੁਰ, ਸਤਨਾਮ ਸਿੰਘ ਨੰਗਲ ਸੰਦਲ ਜਨਰਲ ਸਕੱਤਰ, ਹਰਨੀਤ ਸਿੰਘ ਰੋਮੀ, ਡਾ: ਵਿਜੈ ਕੁਮਾਰ, ਹਰਕਮਲ ਬਸਰਾ, ਸੁਖਵਿੰਦਰ ਸਿੰਘ ਪਲਾਹੀ ਆਦਿ ਹਾਜ਼ਰ ਸਨ।