ਫਗਵਾੜਾ 3 ਅਗਸਤ ( ਅਜੈ ਕੋਛੜ ) ਸਰਬ ਨੌਜਵਾਨ ਸਭਾ ਵਲੋਂ ਜਿੱਲਾ ਕਪੂਰਥਲਾ ਕਾਂਗਰਸ ਕਮੇਟੀ ਪ੍ਰਧਾਨ ਸ੍ਰੀਮਤੀ ਬਲਵੀਰ ਰਾਣੀ ਸੋਢੀ ਨੂੰ ਅੱਜ ਇੱਕ ਮੰਗ ਪੱਤਰ ਦਿੱਤਾ ਗਿਆ। ਜਿਸ ਵਿਚ ਮੰਗ ਕੀਤੀ ਗਈ ਹੈ ਕਿ ਦੁਆਬੇ ਦੀ ਧਰਤੀ ‘ਤੇ ਸਥਾਪਿਤ ਹੋਣ ਵਾਲਾ AIIMS ਹਸਪਤਾਲ ਫਗਵਾੜਾ ਵਿਖੇ ਖੋਲਿਆ ਜਾਵੇ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਰਾਣੀ ਸੋਢੀ ਨੂੰ ਦੱਸਿਆ ਕਿ ਉਹਨਾ ਦੀ ਸੰਸਥਾ ਸ਼ਹਿਰ ਦੀਆਂ ਵੱਖ ਵੱਖ ਜੱਥੇਬੰਦੀਆਂ ਨੂੰ ਨਾਲ ਲੈ ਕੇ ਹਰ ਸਿਆਸੀ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਮੰਗ ਪੱਤਰ ਦੇ ਰਹੀ ਹੈ ਤਾਂ ਜੋ ਦੁਆਬੇ ਵਿਚ AIIMS ਹਸਪਤਾਲ ਦੀ ਸੁਵਿਧਾ ਦਾ ਮਾਣ ਫਗਵਾੜਾ ਸ਼ਹਿਰ ਨੂੰ ਮਿਲ ਸਕੇ। ਉਹਨਾਂ ਦੱਸਿਆ ਕਿ ਫਗਵਾੜਾ ਦੁਆਬੇ ਦਾ ਦਿਲ ਹੈ। ਇਸਦੇ ਨਾਲ ਨਵਾਂ ਸ਼ਹਿਰ ਜਲੰਧਰ ਜ਼ਿਲੇ ਤਾਂ ਲੱਗਦੇ ਹੀ ਹਨ, ਕਪੂਰਥਲਾ ਜ਼ਿਲੇ ਦਾ ਵੀ ਵਿਸ਼ੇਸ਼ ਅੰਗ ਹੈ। ਇਥੇ ਕਾਰਪੋਰੇਸ਼ਨ ਬਣੀ ਹੋਈ ਹੈ। ਇਹ ਸ਼ਹਿਰ ਜਿਥੇ ਇੰਡਸਟਰੀਅਲ ਹੱਬ ਹੈ, ਉਥੇ ਵਿਦਿਅਕ ਹੱਬ ਵੀ ਹੈ। ਸੁਖਜੀਤ ਸਟਾਰਚ ਮਿੱਲ, ਜੇਸੀਟੀ ਮਿੱਲ, ਸ਼ੁਗਰ ਮਿੱਲ ਤੋਂ ਬਿਨ•ਾਂ ਇਥੇ ਲਵਲੀ ਯੂਨੀਵਰਸਿਟੀ ਅਤੇ ਜੀ ਐਨ ਏ ਯੂਨੀਵਰਸਿਟੀ ਹੈ ਅਤੇ ਦੋ ਦਰਜ਼ਨ ਤੋਂ ਵੱਧ ਹੋਰ ਵਿਦਿਅਕ ਅਦਾਰੇ ਵੀ ਹਨ, ਜਿਥੇ ਹਜ਼ਾਰਾਂ ਦੀ ਗਿਣਤੀ ‘ਚੋਂ ਦੇਸ਼ ਅਤੇ ਵਿਦੇਸ਼ ਤੋਂ ਵਿਦਿਆਰਥੀ ਆ ਕੇ ਪੜ•ਦੇ ਹਨ। ਵਰਨਣਯੋਗ ਹੈ ਕਿ ਫਗਵਾੜਾ ਵਿੱਚ ਕੋਈ ਵੀ ਸਰਕਾਰੀ, ਗੈਰ-ਸਰਕਾਰੀ ਸਪੈਸ਼ਲਿਟੀ ਹਸਪਤਾਲ ਨਹੀਂ ਹੈ, ਜਿਸ ਕਰਕੇ ਲੋਕਾਂ ਨੂੰ ਲੁਧਿਆਣਾ ਜਾਂ ਚੰਡੀਗੜ• ਇਲਾਜ ਲਈ ਜਾਣਾ ਪੈਂਦਾ ਹੈ। ਜਿਸ ਨਾਲ ਲੋਕਾਂ ਨੂੰ ਬਹੁਤ ਸਾਰੀਆਂ ਤਕਲੀਫ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੰਸਥਾਵਾਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਫਗਵਾੜਾ ਵਿਖੇ ‘ਏਮਜ਼’ ਬਣਾਇਆ ਜਾਵੇ, ਕਿਉਂਕਿ ਫਗਵਾੜਾ ਤਿੰਨ ਜਿਲਿਆਂ ਦੇ ਬਿਲਕੁਲ ਵਿਚਕਾਰ ਪੈਂਦਾ ਹੈ ਇਸ ਇਲਾਕੇ ਦੇ ਬਹੁਤ ਸਾਰੇ ਲੋਕ ਵਿਦੇਸ਼ ਗਏ ਹੋਏ ਹਨ ਜੋ ਵਿਦੇਸ਼ਾਂ ਵਿਚ ਮਹਿੰਗਾ ਇਲਾਜ ਹੋਣ ਕਰਕੇ ਹਰ ਸਾਲ ਆਪਣੇ ਇਲਾਜ ਲਈ ਵਤਨ ਪਰਤਦੇ ਹਨ ਜਿਹਨਾਂ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਣਾ ਪੈਂਦਾ ਹੈ। ਇਹ ਸੁਵਿਧਾ ਮਿਲਣ ਨਾਲ ਸਮੁੱਚੇ ਦੁਆਬੇ ਨੂੰ ਵੱਡਾ ਲਾਭ ਹੋਵੇਗਾ। ਬਲਵੀਰ ਰਾਣੀ ਸੋਢੀ ਨੇ ਕਿਹਾ ਕਿ ਉਹ ਫਗਵਾੜਾ ਸ਼ਹਿਰ ਦੇ ਲੋਕਾਂ ਦੀ ਮੰਗ ਨੂੰ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਹੀਂ ਕੇਂਦਰ ਸਰਕਾਰ ਨੂੰ ਪਹੁੰਚਾਉਣਗੇ ਅਤੇ ਜੇਕਰ ਫਗਵਾੜਾ ਵਿਚ AIIMS ਹਸਪਤਾਲ ਦੀ ਸੁਵਿਧਾ ਮਿਲਦੀ ਹੈ ਤਾਂ ਉਹਨਾਂ ਨੂੰ ਹਾਰਦਿਕ ਖੁਸ਼ੀ ਹੋਵੇਗੀ। ਮੰਗ ਪੱਤਰ ਦੇਣ ਵਾਲਿਆਂ ਵਿਚ ਸਾਹਿਤਕਾਰ ਗੁਰਮੀਤ ਪਲਾਹੀ, ਨਿਰੰਜਨ ਸਿੰਘ ਬਿਲਖੂ, ਰਾਜਕੁਮਾਰ ਕਨੌਜੀਆ, ਪੰਜਾਬੀ ਗਾਇਕ ਮਨਮੀਤ ਮੇਵੀ, ਹਰਵਿੰਦਰ ਸੈਣੀ, ਅਮਰਜੀਤ ਸਿੰਘ ਸਹੋਤਾ, ਉਂਕਾਰ ਜਗਦੇਵ ਆਦਿ ਸ਼ਾਮਲ ਸਨ।